ਸਲੋਕੁ ॥

ਰੇ ਮਨ ਤਾ ਕਉ ਧਿਆਈਐ
ਸਭ ਬਿਧਿ ਜਾ ਕੈ ਹਾਥਿ ॥
ਰਾਮ ਨਾਮ ਧਨੁ ਸੰਚੀਐ
ਨਾਨਕ ਨਿਬਹੈ ਸਾਥਿ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਜੈਤਸਰੀ  ਅੰਗ ੭੦੪ (704)

ਹੇ ਮੇਰੇ ਮਨ! ਕੇਵਲ ਉਸ ਸੱਚੇ ਨਾਮ ਦਾ ਸਿਮਰਨ ਕਰ, ਜਿਸ ਦੇ ਹੱਥ ਵਿਚ ਸਾਡੀ ਹਰੇਕ ਜੀਵਨ-ਜੁਗਤਿ ਹੈ । ਕੁਦਰਤਿ ਵਿੱਚ ਵਸਦਾ, ਰਮਿਆ ਹੋਇਆ, ਗਿਆਨ ਰੂਪੀ ਨਾਮ-ਧਨ ਹੀ ਇਕੱਠਾ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਗਿਆਨ ਦਾ ਧਨ ਹੀ ਤਾਂ ਸਦਾ ਲਈ ਸਾਡਾ ਸਾਥ ਨਿਭਾ ਸਕਦਾ ਹੈ ।


4 ਮਾਰਚ, 1776 : ਦੇਵਬੰਦ ਦੇ ਹਾਕਮ ਜ਼ਾਬਤਾ ਖ਼ਾਨ ਰੁਹੀਲਾ ਦੀ ਮਦਦ ਵਾਸਤੇ ਖ਼ਾਲਸਾ ਦਲ ਦਾ ਦਿੱਲੀ ਵੱਲ ਕੂਚ

1776 ਵਿਚ ਦਿੱਲੀ ‘ਤੇ ਕਬਜ਼ਾ ਕਰਨ ਵਾਸਤੇ ਸਿੱਖਾਂ ਅਤੇ ਦੇਵਬੰਦ ਦੇ ਹਾਕਮ ਜ਼ਾਬਤਾ ਖ਼ਾਨ ਵਿਚਕਾਰ ਸਮਝੌਤਾ ਹੋ ਗਿਆ । ਦੁਹਾਂ ਦੀ ਸਾਂਝੀ ਫ਼ੌਜ ਨੇ ਹੁਣ ਦਿੱਲੀ ਵਲ ਕੂਚ ਕਰ ਦਿਤਾ । ਉਧਰ ਨਜਫ਼ ਖ਼ਾਨ ਨੇ ਵੀ ਇਨ੍ਹਾਂ ਦਾ ਟਾਕਰਾ ਕਰਨ ਵਾਸਤੇ ਕਾਸਿਮ ਅਲੀ ਖ਼ਾਨ ਨੂੰ ਫ਼ੌਜ ਦੇ ਕੇ ਟੋਰ ਦਿਤਾ ਪਰ ਉਹ 4 ਮਾਰਚ, 1776 ਦੇ ਦਿਨ ਹੋਈ ਇਨ੍ਹਾਂ ਨਾਲ ਲੜਾਈ ਵਿਚ ਮਾਰਿਆ ਗਿਆ ।

ਭਾਵੇਂ ਸਿੱਖ, ਦਿੱਲੀ ਉਤੇ ਕਬਜ਼ਾ ਤਾਂ ਨਾ ਕਰ ਸਕੇ ਪਰ ਉਨ੍ਹਾਂ ਨੇ ਅਲੀਗੜ੍ਹ, ਮੇਰਠ, ਸਿਕੰਦਰਾ, ਖੁਰਜਾ ਵਗ਼ੈਰਾ ‘ਤੇ ਹਮਲੇ ਕਰ ਕੇ ਬੜਾ ਖ਼ਜ਼ਾਨਾ ਹਾਸਲ ਕੀਤਾ । ਜ਼ਾਬਤਾ ਖ਼ਾਨ ਤਾਂ ਸਿੱਖਾਂ ਦੇ ਅਸਰ ਹੇਠ ਏਨਾ ਆ ਗਿਆ ਕਿ ਉਹ ਸਿੰਘ ਸੱਜ ਗਿਆ ਅਤੇ ਅਪਣਾ ਨਾਂ ਬਦਲ ਕੇ ਧਰਮ ਸਿੰਘ ਰੱਖ ਲਿਆ । ਇਸ ਬਾਰੇ ਇਹ ਬੋਲ ਅੱਜ ਵੀ ਮਸ਼ਹੂਰ ਹੈ:

“ਇਕ ਗੁਰੂ ਦਾ ਹੈ ਚੇਲਾ !
ਅੱਧਾ ਸਿੱਖ, ਅਧਾ ਰੁਹੇਲਾ !”