(ਸਿਰੀਰਾਗੁ ਮਹਲਾ ੩ ਘਰੁ ੧ ॥)

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥

 ਗੁਰੂ ਅਮਰਦਾਸ ਜੀ
 ਸਿਰੀ ਰਾਗ  ਅੰਗ ੨੭ (27)

ਗੁਰੂ ਦੀ ਦੱਸੀ ਸੇਵਾ ਬੜੀ ਔਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ, ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਸੱਚਾ ਸਾਹਿਬ ਮਿਲ ਪੈਂਦਾ ਹੈ ਅਤੇ ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ ।

ਗੁਰੂ-ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ । ਗੁਰੂ ਦੀ ਸਹਾਇਤਾ ਨਾਲ ਕੁਦਰਤਿ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ । ਸੱਚਾ ਗੁਰੂ ਵੀ ਉਹਨਾਂ ਸੱਚੇ ਗੁਰਸਿੱਖਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ ਬਖ਼ਸ਼ਸ਼ ਦਾ ਲੇਖ ਲਿਖਿਆ ਹੋਇਆ ਹੋਵੇ ।


4 ਜੂਨ, 1904 : ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ

ਭਗਤ ਪੂਰਨ ਸਿੰਘ ਦਾ ਜਨਮ 4 ਜੂਨ, 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦਾ ਪਹਿਲਾ ਨਾਮ ਰਾਮਜੀ ਦਾਸ ਸੀ । ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵਿਚਾਲੇ ਹੀ ਛੱਡ ਕੇ ਆਪਣੀ ਮਾਂ ਦੇ ਕੋਲ ਲਾਹੌਰ ਜਾਣਾ ਪਿਆ। ਉੱਥੇ ਉਨ੍ਹਾਂ ਦੇ ਮਾਤਾ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ।

ਭਗਤ ਪੂਰਨ ਸਿੰਘ ਦੇ ਜੀਵਨ ਵਿੱਚ ਕੁਝ ਘਟਨਾਵਾਂ ਅਜਿਹੀਆਂ ਘਟੀਆਂ, ਜਿਨ੍ਹਾਂ ਕਾਰਨ ਉਹ ਭਗਤ ਵੀ ਬਣੇ, ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇ। ਲਾਲਾ ਛਿੱਬੂ ਮੱਲ ਦਾ ਘਰ ਗੁਰਬਤ ਵਿੱਚ ਲਹਿ ਜਾਣਾ ਰਾਮਜੀ ਦਾਸ ਦਾ ਭਗਤ ਪੂਰਨ ਸਿੰਘ ਬਣਨ ਵਿੱਚ ਅਹਿਮ ਸਥਾਨ ਰੱਖਦਾ ਹੈ। ਅਜਿਹਾ ਨਾ ਹੋਣ ਦੀ ਹਾਲਤ ਵਿੱਚ ਰਾਮਜੀ ਦਾਸ ਕੋਈ ਵਪਾਰੀ ਜਾਂ ਹਟਵਾਣੀਆਂ ਬਣ ਕੇ ਲਾਲਾ ਰਾਮਜੀ ਦਾਸ ਤਾਂ ਭਾਵੇਂ ਬਣ ਜਾਂਦੇ ਪਰ ਉਹ ਭਗਤ ਪੂਰਨ ਸਿੰਘ ਨਹੀਂ ਸੀ ਬਣਨ ਲੱਗੇ।

ਭਗਤ ਪੂਰਨ ਸਿੰਘ ਦੇ ਜੀਵਨ ਵਿੱਚ ਬਦਲਾਅ ਉਸ ਵੇਲੇ ਵਾਪਰਿਆ ਜਦੋਂ ਉਹ ਨੌਕਰੀ ਦੀ ਤਲਾਸ਼ ਵਿੱਚ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿੱਚ ਸ਼ਰਨ ਲਈ ਗਏ। ਇੱਥੇ ਹੀ ਬਾਅਦ ਵਿੱਚ ਉਨ੍ਹਾਂ ਨੇ 24 ਸਾਲ ਸੇਵਾ ਕੀਤੀ। ਇੱਥੇ ਹੀ 1934 ਨੂੰ ਗੁਰਦੁਆਰੇ ਦੇ ਬੂਹੇ ਅੱਗਿਓਂ ਇੱਕ ਗੂੰਗਾ ਅਤੇ ਲੂਲ੍ਹਾ ਬੱਚਾ ਮਿਲਿਆ, ਜਿਸ ਨੇ ਉਨ੍ਹਾਂ ’ਚ ਮੁਹੱਬਤ ਦੀ ਰਹਿਮ ਰੂਪੀ ਚਿਣਗ ਪੈਦਾ ਕੀਤੀ। ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਂ ਮਗਰੋਂ ‘ਪਿਆਰਾ ਸਿੰਘ’ ਰੱਖਿਆ। ਉਨ੍ਹਾਂ ਨੇ 14 ਸਾਲ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਘੁੰਮਾਇਆ ਅਤੇ ਵੱਡਾ ਕੀਤਾ। ਚਿਕਿਤਸਕ ਸਮਾਜਿਕ ਸੰਸਥਾ ‘ਪਿੰਗਲਵਾੜਾ’ ਦੀ ਬੁਨਿਆਦ ਵੀ ਓਦੋਂ ਹੀ ਰੱਖੀ ਗਈ ਜਦੋਂ ਭਗਤ ਪੂਰਨ ਨੇ ਪਿਆਰਾ ਸਿੰਘ ਨੂੰ ਆਪਣੀ ਦੇਖ-ਰੇਖ ਵਿੱਚ ਲਿਆਂਦਾ ਸੀ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਘਟਨਾ ਮਗਰੋਂ ਇੱਕ ਬਹੁਤ ਵੱਡੀ ਸੰਸਥਾ ਜਨਮ ਲੈ ਸਕਦੀ ਹੈ।

ਪਿੰਗਲਵਾੜਾ ਸੰਸਥਾ ਦੀ ਸਥਾਪਨਾ

ਦੇਸ਼ ਦੀ ਵੰਡ ਹੋਈ ਅਤੇ ਭਗਤ ਪੂਰਨ ਸਿੰਘ ਨੇ ਉਹ ਕਤਲੋ-ਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿੱਚ ਹੋਈ। ਸਭ ਪਾਸਿਓਂ ਉਨ੍ਹਾਂ ਨੂੰ ਲਹੂ-ਲੁਹਾਣ ਹੋਏ ਬੱਚੇ ਅਤੇ ਇਸਤਰੀਆਂ ਨਜ਼ਰ ਆ ਰਹੇ ਸਨ। ਭਗਤ ਪੂਰਨ ਸ਼ਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ। ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲ੍ਹੇ-ਲੰਗੜੇ, ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਜਾਂ ਤੇ ਬੇ-ਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਿਰ ਜੀ.ਟੀ. ਰੋਡ ’ਤੇ ਤਹਿਸੀਲ ਨੇੜੇ ਇਮਾਰਤ ਬਣਾ ਕੇ ‘ਪਿੰਗਲਵਾੜਾ’ ਸਥਾਪਿਤ ਕੀਤਾ।

ਉਹ ਸਵੇਰੇ ਹੀ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘ ਨੂੰ ਰੇਹੜੀ ਵਿੱਚ ਲਿਟਾ ਕੇ ਆਪਣੇ ਨਾਲ ਲੈ ਕੇ ਆਉਂਦੇ ਤੇ ਸਾਰਾ ਦਿਨ ਸੰਗਤ ਨੂੰ ਆਬਾਦੀ ਦੇ ਵਾਧੇ, ਪਾਣੀ-ਹਵਾ ਦੇ ਦੂਸ਼ਿਤ ਹੋ ਜਾਣ, ਜੰਗਲਾਂ ਦੇ ਕੱਟੇ ਜਾਣ, ਅੰਨ ਸੰਕਟ, ਦਰਿਆਵਾਂ ਦੇ ਗੰਦੇ ਪਾਣੀ, ਗ਼ਰੀਬੀ, ਅਨਪੜ੍ਹਤਾ, ਸੜਕ-ਰੇਲ ਹਾਦਸੇ, ਬੇਰੁਜ਼ਗਾਰੀ, ਧਾਰਮਿਕ ਤੇ ਸਮਾਜਿਕ ਆਦਿ ਕਈ ਸਮੱਸਿਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਚੇ ਵੰਡਦੇ ਅਤੇ ਵਿਚਾਰਾਂ ਕਰਦੇ। ਰਾਤ ਨੂੰ ਪਿਆਰਾ ਸਿੰਘ ਨਾਲ ਵਾਪਿਸ ਪਿੰਗਲਵਾੜੇ ਚਲੇ ਜਾਂਦੇ।

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ

ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਦੀਨ, ਦੁਖੀਆਂ, ਰੋਗੀਆਂ ਅਤੇ ਅਪਾਹਿਜਾਂ ਦੀ ਸੇਵਾ ਵਿੱਚ ਆਪਣਾ ਜੀਵਨ ਅਰਪਣ ਕੀਤਾ। ਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਕੁਦਰਤਿ ਦੀ ਸੰਭਾਲ ਕਰੇ, ਦਰਖ਼ਤ ਲਾਏ, ਪਾਣੀ ਦੇ ਸਰੋਤਾਂ ਦੀ ਸੰਭਾਲ ਕਰੇ, ਅਪਾਹਜਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰੇ।

ਉਨ੍ਹਾਂ ਨੂੰ ਅਨੇਕਾਂ ਸੰਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਮਾਨ-ਸਨਮਾਨ ਪ੍ਰਾਪਤ ਹੋਇਆ। 1981 ਈ. ਵਿੱਚ ‘ਪਦਮਸ੍ਰੀ’ ਐਵਾਰਡ, 1990 ਈ. ਵਿੱਚ ਹਾਰਮਨੀ ਐਵਾਰਡ, 1991 ਈ. ਵਿੱਚ ਰੋਗ ਰਤਨ ਐਵਾਰਡ ਅਤੇ 1991 ਵਿੱਚ ਭਾਈ ਘਨ੍ਹੱਈਆ ਐਵਾਰਡ ਮਿਲੇ। ਭਗਤ ਪੂਰਨ ਸਿੰਘ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਇਨ੍ਹਾਂ ਨੇ ਰੋਸ ਵਜੋਂ ਪਦਮ ਵਿਭੂਸ਼ਨ ਐਵਾਰਡ ਵਾਪਿਸ ਕਰ ਦਿੱਤਾ।

ਭਗਤ ਪੂਰਨ ਸਿੰਘ ਨੇ ਆਪਣਾ ਅਖ਼ੀਰਲਾ ਸਮਾਂ ਦਰਬਾਰ ਸਾਹਿਬ, ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ, ਪਰਉਪਕਾਰ ਅਤੇ ਵਾਤਾਵਰਨ ਸੰਭਾਲ ਵੀ ਪ੍ਰੇਰਦਿਆਂ ਬਤੀਤ ਕੀਤਾ। 5 ਅਗਸਤ, 1992 ਨੂੰ ਕੁਦਰਤਿ ਦੇ ਅਸਲ ਸੰਤ ਪੁਰਖ, ਭਗਤ ਪੂਰਨ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ।


4 ਜੂਨ, 1984 : ਸਾਕਾ ਨੀਲਾ ਤਾਰਾ ਦਾ ਚੌਥਾ ਦਿਨ

4 ਜੂਨ, 1984 ਨੂੰ ਤੜਕੇ ਪੌਣੇ 5 ਵਜੇ ਦਰਬਾਰ ਸਾਹਿਬ ਪਰਿਸਰ ਦੇ ਚਾਰੇ ਪਾਸਿਆਂ ਤੋਂ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ ਗਈਆਂ। ਗੋਲੀਆਂ ਦੇ ਨਾਲ ਬੰਬਾਂ ਦੀ ਆਵਾਜ਼ ਹੇਠਾਂ ਸੰਗਤ ਦਾ ਚੀਕ ਚਿਹਾੜਾ ਦੱਬ ਕੇ ਰਹਿ ਗਿਆ ਸੀ। ਧੜਾਧੜ ਲਾਸ਼ਾਂ ਪਰਿਸਰ ਦੇ ਅੰਦਰ ਡਿੱਗ ਰਹੀਆਂ ਸਨ। ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਕਰਨ ਵਾਲੇ ਬਿਜਲੀ ਘਰ ‘ਤੇ ਵੀ ਇੱਕ ਬੰਬ ਡਿੱਗਿਆ, ਜਿਸ ਨਾਲ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਵੀ ਬੰਦ ਹੋ ਗਈ। ਪੂਰਾ ਦਿਨ ਗੋਲੀਆਂ ਤੇ ਬੰਬ ਚੱਲਦੇ ਰਹੇ। ਇਸੇ ਦਿਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਕਰੀਬ 8 ਵਜੇ ਹੀ ਸੁਖਆਸਨ ਕਰਕੇ ਪਹਿਲੀ ਮੰਜ਼ਿਲ ‘ਤੇ ਲਿਜਾਇਆ ਗਿਆ।