ਸਲੋਕ ਮਹਲਾ ੫ ॥

ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਰਾਮਕਲੀ  ਅੰਗ ੯੬੧ (961)

ਹੇ ਮੇਰੇ ਸੁਆਮੀ! ਮੇਰੇ ਉਤੇ ਦਇਆ ਕਰ, ਮੇਰਾ ਜੀਵਨ ਸੱਚੇ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਬੀਤੇ । ਕਿਉਂਕਿ ਜੋ ਮਨੁੱਖ ਤੈਥੋਂ ਵਿੱਛੜ ਜਾਂਦੇ ਹਨ ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਉਹਨਾਂ ਦੇ ਹਉਕੇ ਕਦੇ ਮੁੱਕਦੇ ਨਹੀਂ ।


4 ਜੁਲਾਈ, 1897 : ਪ੍ਰਸਿੱਧ ਪੰਜਾਬੀ ਨਾਵਲਕਾਰ ਨਾਨਕ ਸਿੰਘ ਦਾ ਜਨਮ

ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਨੂੰ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ।

ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਹ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਿਆ। ਉਸ ਨੇ ਹਲਵਾਈ ਦੀ ਦੁਕਾਨ ‘ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ। 13 ਸਾਲ ਦੀ ਛੋਟੀ ਉਮਰ ਵਿੱਚ ਹੀ ਨਾਨਕ ਸਿੰਘ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।

13 ਅਪ੍ਰੈਲ, 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਉਸ ਨੇ ਅੱਖੀਂ ਵੇਖਿਆ, ਜਿਸ ਦਾ ਉਸ ਦੇ ਮਨ ਤੇ ਡੂੰਘਾ ਅਸਰ ਹੋਇਆ। ਉਸ ਦੇ ਦੋ ਦੋਸਤ ਵੀ ਇਸ ਹੱਤਿਆ-ਕਾਂਡ ਵਿੱਚ ਮਾਰੇ ਗਏ। ਉਸ ਨੇ ਬ੍ਰਿਟਿਸ਼ ਹਕੂਮਤ ਦੇ ਅੱਤਿਆਚਾਰ ਨੂੰ ਨੰਗਾ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿੱਤੀ ਅਤੇ ਜ਼ਬਤ ਕਰ ਲਈ।

1922 ਵਿੱਚ ਇਹ ਗੁਰੂ ਕਾ ਬਾਗ ਮੋਰਚੇ ਸਮੇਂ ਜੇਲ੍ਹ ਗਏ। ਇਸ ਸਮੇਂ ਉਸ ਨੇ ਆਪਣੀ ਦੂਸਰੀ ਕਾਵਿ ਪੁਸਤਕ ਜ਼ਖਮੀ ਦਿਲ ਲਿਖੀ ਜੋ 1923 ਵਿੱਚ ਛਪੀ ਤੇ ਜਿਸ ਤੇ ਮਹਿਜ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿੱਤੀ ਗਈ। ਜੇਲ੍ਹ ਵਿੱਚ ਹੀ ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਹਨਾਂ ਤੋਂ ਪ੍ਰਭਾਵਿਤ ਹੋ ਕੇ ਉਸ ਜੇਲ੍ਹ ਵਿੱਚ ਹੀ ਆਪਣਾ ਪਹਿਲਾ ਨਾਵਲ ਅੱਧ ਖਿੜੀ ਕਲੀ ਲਿਖਿਆ, ਜੋ ਬਾਅਦ ਵਿੱਚ ਅੱਧ ਖਿੜਿਆ ਫੁੱਲ ਨਾਂਅ ਹੇਠ ਛਪਿਆ।

ਨਾਨਕ ਸਿੰਘ ਨੇ ਨਾਵਲਾਂ ਅਤੇ ਕਹਾਣੀਆਂ ਵਿੱਚ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਆਪਣੀਆਂ ਕਹਾਣੀਆਂ ਉਸ ਸਮਾਜਿਕ ਜੀਵਨ ਵਿਚੋਂ ਲਈਆਂ। ਇਨ੍ਹਾਂ ਦੇ ਨਾਵਲਾਂ ਅਤੇ ਕਹਾਣੀਆਂ ਵਿੱਚ ਔਰਤ ਦਾ ਕਿਰਦਾਰ ਬਹੁਤ ਅਹਿਮੀਅਤ ਭਰਪੂਰ ਅਤੇ ਖ਼ਾਸ ਉਭਰ ਕੇ ਨਜ਼ਰ ਆਉਂਦਾ ਹੈ।

ਇਨ੍ਹਾਂ ਨੇ ਕੁੱਲ ਅਠੱਤੀ ਨਾਵਲਾਂ ਤੋਂ ਇਲਾਵਾ ਚਾਰ ਕਾਵਿ-ਸੰਗ੍ਰਹਿ, ਕਈ ਕਹਾਣੀ-ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਨਾਟਕ, ਲੇਖ ਅਤੇ ਤਰਜ਼ਮੇ ਵੀ ਲਿਖੇ।


4 ਜੁਲਾਈ, 1955 : ਪੰਜਾਬੀ ਸੂਬਾ ਮੋਰਚਾ ਵਿਚ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਗ੍ਰਿਫ਼ਤਾਰੀ

ਪ੍ਰਿੰਸੀਪਲ ਸਤਿਬੀਰ ਸਿੰਘ ਸਿੱਖ ਇਤਿਹਾਸ ਦੇ ਪ੍ਰਸਿੱਧ ਇਤਿਹਾਸਕਾਰ ਹੋਏ ਹਨ। ਸਿੱਖ ਇਤਿਹਾਸ ਵਿਚ ਇਨ੍ਹਾਂ ਦੀ ਵਿਸ਼ੇਸ਼ ਰੁਚੀ ਸੀ। ਐਮ. ਏ. (ਇਤਿਹਾਸ) ਕਰਨ ਉਪਰੰਤ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਇਤਿਹਾਸ ਦੇ ਲੈਕਚਰਾਰ ਤੇ ਤੌਰ ਤੇ ਨਿਯੁਕਤ ਹੋਏ।

1955 ਵਿਚ ਲਗੇ ਪੰਜਾਬੀ ਸੂਬਾ ਮੋਰਚਾ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਆਰੰਭ ਕਰ ਦਿੱਤਾ। ਗੁਰਦੁਆਰਾ ਮੰਜੀ ਸਾਹਿਬ, ਜਿਥੋਂ ਗ੍ਰਿਫ਼ਤਾਰੀਆਂ ਲਈ ਜੱਥੇ ਤੁਰਦੇ ਸਨ, ਵਿਚ ਇਹ ਰੋਜ਼ ਸ਼ਾਮ ਨੂੰ ਕਾਫ਼ੀ ਪ੍ਰਭਾਵਸ਼ਾਲੀ ਭਾਸ਼ਣ ਦਿੰਦੇ ਸੀ।

4 ਜੁਲਾਈ, 1955 ਨੂੰ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਮੋਰਚੇ ਲਈ ਗ੍ਰਿਫ਼ਤਾਰੀ ਦਿੱਤੀ ਅਤੇ ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿਚ ਤਿੰਨ ਮਹੀਨੇ ਕੈਦ ਕੱਟੀ।


4 ਜੁਲਾਈ, 1955 : ਦਰਬਾਰ ਸਾਹਿਬ ਦੇ ਪਰਿਸਰ ਵਿਚ ਪੁਲਸ ਭੇਜੀ ਗਈ

ਪੰਜਾਬੀ ਸੂਬਾ ਲਹਿਰ ਲਈ ਲੱਗੇ ਮੋਰਚੇ ਨੂੰ ਦਬਾਉਣ ਵਾਸਤੇ ਪੰਜਾਬ ਸਰਕਾਰ ਦੀ ਪਾਬੰਦੀਆਂ ਅਤੇ ਗਿਰਫਤਾਰੀਆਂ ਦਾ ਸਿਲਸਿਲਾ ਜਾਰੀ ਸੀ। ਇਸ ਦੌਰਾਨ 4 ਜੁਲਾਈ, 1955 ਦੇ ਦਿਨ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਦਰਬਾਰ ਸਾਹਿਬ ਦੇ ਪਰਿਸਰ ਵਿਚ ਪੁਲਸ ਵੀ ਭੇਜੀ। ਇਸ ਦੀ ਹਰ ਸਿੱਖ ਨੇ ਨਿੰਦਾ ਕੀਤੀ। ਇਸ ‘ਤੇ 10 ਅਕਤੂਬਰ, 1955 ਦੇ ਦਿਨ ਮੁੱਖ ਮੰਤਰੀ ਸੱਚਰ ਨੇ ਮੰਜੀ ਸਾਹਿਬ ਪੇਸ਼ ਹੋ ਕੇ ਮੁਆਫ਼ੀ ਮੰਗ ਲਈ।