ਬਸੰਤ ਕੀ ਵਾਰ ਮਹਲੁ ੫
ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥
ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥
ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥
ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥
ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥ਮਹਲਾ ੫ : ਗੁਰੂ ਅਰਜਨ ਸਾਹਿਬ ਜੀ
ਰਾਗ ਬਸੰਤ ਅੰਗ ੧੧੯੩ (1193)
ਸਾਰੇ ਜੀਵ ਕੁਦਰਤਿ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਦੱਸ ਸਕਦਾ ਕਿ ਉਹ ਕਿਥੋਂ ਪੈਦਾ ਹੁੰਦਾ ਹੈ, ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ । ਜੋ ਜੋ ਉਸ ਗੁਰੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ ਜੀਵਨ ਵਾਲੇ ਹੋ ਜਾਂਦੇ ਹਨ ।
ਕੁਦਰਤਿ ਦਾ ਨਿਯਮ ਅਪਹੁੰਚ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ । ਨਾਨਕ ਉਸ ਸਦਾ-ਥਿਰ ਮਾਲਕ ਦੀ ਸਿਫ਼ਤਿ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹੀ ਨੇੜੇ ਵਿਖਾ ਦਿੱਤਾ ਹੈ, ਅੰਦਰ ਵੱਸਦਾ ਵਿਖਾ ਦਿੱਤਾ ਹੈ ।
4 ਫਰਵਰੀ, 1633 : ਗੁਰੂ ਤੇਗਬਹਾਦਰ ਜੀ ਅਤੇ ਗੁਜਰੀ ਜੀ ਦਾ ਅਨੰਦ-ਕਾਰਜ
ਗੁਰੂ ਤੇਗਬਹਾਦਰ ਜੀ ਅਤੇ ਗੁਜਰੀ ਜੀ ਦਾ ਅਨੰਦ-ਕਾਰਜ 4 ਫਰਵਰੀ, 1633 ਨੂੰ ਹੋਇਆ। ਅਨੰਦ ਕਾਰਜ ਤੋਂ ਬਾਅਦ ਮਾਤਾ ਗੁਜਰੀ ਜੀ ਆਪਣੇ ਪਤੀ ਤੇਗਬਹਾਦਰ ਜੀ ਨਾਲ ਆਪਣੇ ਸਹੁਰੇ ਗੁਰੂ ਹਰਿਗੋਬਿੰਦ ਜੀ ਅਤੇ ਸੱਸ ਮਾਤਾ ਨਾਨਕੀ ਜੀ ਦੀ ਸੇਵਾ ਵਿੱਚ ਰੁੱਝ ਗਏ।
ਜਿਥੇ ਮਾਤਾ ਜੀ ਆਪਣੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਜੀਵਨ ਦੌਰਾਨ ਇੱਕ ਸੁਚੱਜੇ ਮਾਰਗ-ਦਰਸ਼ਕ ਬਣੇ, ਉਥੇ ਉਹਨਾਂ ਨੇ ਆਪਣੇ ਪੋਤਿਆਂ, ਚਾਰੋਂ ਸਾਹਿਬਜ਼ਾਦਿਆਂ, ਦੀ ਪਰਵਰਿਸ਼ ਵਿੱਚ ਵੀ ਮੁੱਖ ਭੂਮਿਕਾ ਨਿਭਾਈ । ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸਰਹਿੰਦ ਵਿਚ ਸ਼ਹਾਦਤ ਦੇ ਕੇ ਉਨ੍ਹਾਂ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿਤਾ ਅਤੇ ਸਿੱਖ ਬੀਬੀਆਂ ਦੇ ਮਾਨ-ਸਨਮਾਨ ਨੂੰ ਉੱਚਾ ਚੁੱਕਿਆ।
.