ਮਃ ੩ ॥

ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥
ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਸੋਰਠਿ  ਅੰਗ ੬੪੬ (646)

ਇਸ ਸੰਸਾਰ ਦੇ ਰਚਨਹਾਰੇ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਹੀ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਲੈਣ ਲਈ ਮੁੱਲ ਕੀਹ ਹੈ?

ਕੇਵਲ ਗੁਰਮੁਖ ਜਨ ਹੀ ਉਸ ਮਾਲਕ ਦੇ ਗੁਣ ਗਾਉਂਦੇ ਹਨ ਅਤੇ ਸਦਾ ਇਨ੍ਹਾਂ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ ।


04 ਅਗਸਤ, 1914 : ‘ਗ਼ਦਰ’ ਅਖਬਾਰ ਵਿਚ ਗ਼ਦਰੀ ਆਗੂਆਂ ਦੀ ਆਪੋ-ਆਪਣੇ ਪਿੰਡ ਪਹੁੰਚਣ ਦੀ ਅਪੀਲ

ਆਪਣੇ ਮੁਲਕ ਪੰਜਾਬ ਦੀ ਧਰਤੀ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਵਾਸਤੇ 1913 ਵਿੱਚ ਅਮਰੀਕਾ ਅਤੇ ਕਨੇਡਾ ਵਿੱਚ ਗ਼ਦਰ ਪਾਰਟੀ ਬਣਾਈ ਗਈ ਸੀ, ਜਿਸ ਦਾ ਨਿਸ਼ਾਨਾ ਅੰਗਰੇਜ਼ਾਂ ਤੋਂ ਮੁਲਕ ਨੂੰ ਅਜ਼ਾਦ ਕਰਵਾਉਣਾ ਸੀ।

ਇਸ ਪਲਾਨ ਅਨੁਸਾਰ ‘ਗ਼ਦਰ’ ਅਖਬਾਰ ਦੇ 4 ਅਗਸਤ, 1914 ਦੇ ਪਰਚੇ ਵਿਚ ਗ਼ਦਰੀ ਆਗੂਆਂ ਵਲੋਂ ਆਪੋ-ਆਪਣੇ ਪਿੰਡਾਂ ਵਿਚ ਪਹੁੰਚਣ ਬਾਰੇ ਅਪੀਲ ਛਾਪੀ ਗਈ।

ਇਸ ਤੋਂ ਪਿੱਛੋਂ, ਤਕਰੀਬਨ 8 ਹਜ਼ਾਰ ਤੋਂ ਵੱਧ ਗ਼ਦਰੀ ਵਰਕਰ, ਪਰਦੇਸਾਂ ਵਿਚੋਂ ਪੰਜਾਬ ਵੱਲ ਚੱਲ ਪਏ। ਪਰ ਮੁਖ਼ਬਰਾਂ ਨੇ ਇਨ੍ਹਾਂ ਦੇ ਬਾਰੇ ਪਹਿਲਾਂ ਤੋਂ ਹੀ ਰਿਪੋਰਟਾਂ ਸਰਕਾਰ ਨੂੰ ਦੇ ਦਿੱਤੀਆਂ। ਸਰਕਾਰ ਨੇ ਮੁਲਕ ‘ਚ ਦਾਖ਼ਿਲ ਹੋਣ ਵਾਲਿਆਂ ਨੂੰ ਹਿਰਾਸਤ ਵਿਚ ਲੈਣ ਵਾਸਤੇ ਦੋ ਆਰਡੀਨੈਂਸ ਜਾਰੀ ਕਰ ਦਿੱਤੇ।

ਇਸ ਲਹਿਰ ਵਿੱਚ ਕੁੱਝ ਐਸੇ ਗੱਦਾਰ ਸ਼ਾਮਿਲ ਹੋ ਗਏ ਸਨ, ਜਿਨ੍ਹਾਂ ਨੇ ਗਦਰੀਆਂ ਦੇ ਹਰ ਪਲਾਨ ਅਤੇ ਕਾਰਵਾਈ ਦੀ ਰਿਪੋਰਟ ਅੰਗਰੇਜ਼ ਸਰਕਾਰ ਕੋਲ ਪਹੁੰਚਾਈ। ਇਸ ਗੱਦਾਰੀ ਦਾ ਨਤੀਜਾ ਇਹ ਨਿਕਲਿਆ ਕਿ ਮੁਹਿੰਮ ਸਫ਼ਲ ਨ ਹੋ ਸਕੀ।

ਗ਼ਦਰ ਲਹਿਰ ਦਾ ਵੱਡਾ ਐਕਸ਼ਨ ਨਾਕਾਮਯਾਬ ਹੋਣ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਗ਼ਦਰੀਆਂ ਉੱਪਰ ਮੁਕੱਦਮੇ ਚਲਾਏ ਗਏ, ਬਹੁਤੇ ਗ਼ਦਰੀਆਂ ਨੂੰ ਫਾਂਸੀ ਅਤੇ ਅਨੇਕਾਂ ਨੂੰ ਲੰਬੀ-ਸਜ਼ਾਵਾਂ ਹੋਈਆਂ।