ਪਉੜੀ ॥
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਸੂਹੀ ਅੰਗ ੭੮੯ (789)
ਇਹ ਮਨੁੱਖਾ-ਸਰੀਰ ਮਾਨੋ, ਇੱਕ ਕਿਲ੍ਹਾ ਹੈ ਜੋ ਸੱਚੇ ਮਾਲਕ ਨੇ ਆਪ ਬਣਾਇਆ ਹੈ । ਕਈ ਜੀਵ ਮਾਇਆ ਦੇ ਮੋਹ ਵਿਚ ਪਾ ਕੇ ਕੁਰਾਹੇ ਪਾਏ ਗਏ ਹਨ । ਉਹ ਵਿਚਾਰੇ ਤਾਂ ਹਉਮੈ ਵਿਚ ਹੀ ਫਸੇ ਪਏ ਹਨ ।
ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਲੱਭਾ ਸੀ, ਪਰ ਮਨ ਦੇ ਪਿੱਛੇ ਤੁਰ ਕੇ ਜੀਵ ਦੁਖੀ ਹੋ ਰਹੇ ਹਨ । ਇਹ ਸਮਝ ਉਸ ਨੂੰ ਆਉਂਦੀ ਹੈ ਜਿਸ ਨੂੰ ਸਤਿਗੁਰੂ ਆਪ ਸਮਝ ਬਖ਼ਸ਼ੇ ਤੇ ਆਪ ਹੀ ਥਾਪਣਾ ਦੇਵੇ । ਇਹ ਸਾਰੀ ਜਗਤ-ਰਚਨਾ ਉਸ ਕੁਦਰਤਿ ਨੇ ਇਕ ਖੇਡ ਬਣਾਈ ਹੈ ਤੇ ਇਸ ਵਿਚ ਹਰ ਥਾਂ ਆਪ ਹੀ ਮੌਜੂਦ ਹੈ ।
03 ਸਤੰਬਰ, 1708 : ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਫ਼ੌਜ ਦਾ ਜਰਨੈਲ ਥਾਪਿਆ
ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ 3 ਸਤੰਬਰ, 1708 ਵਾਲੇ ਦਿਨ ਖ਼ਾਲਸਾ ਫ਼ੌਜ ਦਾ ਜਰਨੈਲ ਥਾਪਿਆ। ਗੁਰੂ ਸਾਹਿਬ ਨੇ ਆਪਣੇ ਹੱਥੀਂ ਖੰਡੇ-ਬਾਟੇ ਦੀ ਪਾਹੁਲ ਛਕਾਈ ਅਤੇ ਉਸ ਦਾ ਨਾਮ ਮਾਧੋ ਦਾਸ ਬੈਰਾਗੀ ਤੋਂ ਬਦਲ ਕੇ ਗੁਰਬਖ਼ਸ਼ ਸਿੰਘ ਰੱਖਿਆ।
ਪਹਿਲੋਂ ਉਹ ਇੱਕ ਉਦਾਸੀ ਸਾਧੂ ਬਣ ਕੇ ਵਿਚਰਦਾ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਇਹ ਕਹਿ ਕੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਉਹ ‘ਗੁਰੂ ਦਾ ਬੰਦਾ’ ਹੈ, ਸੋ ਸਿੱਖਾਂ ਵਿਚ ‘ਬੰਦਾ ਬਹਾਦਰ’ ਦੇ ਨਾਮ ਤੋਂ ਹੀ ਪ੍ਰਚੱਲਿਤ ਹੋ ਗਿਆ।
ਗੁਰੂ ਸਾਹਿਬ ਨੇ ਉਸਨੂੰ ਜ਼ਾਲਮ ਮੁਗਲਾਂ ਅਤੇ ਜਰਵਾਣਿਆਂ ਨੂੰ ਸਜ਼ਾ ਦੇਣ ਲਈ ਪੰਜਾਬ ਭੇਜਿਆ। ਬੰਦਾ ਬਹਾਦਰ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਬਦਲਾ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਅਤੇ ਪਹਿਲੇ ਸਿੱਖ ਰਾਜ ਦੀ ਨੀਂਹ ਰੱਖੀ।