ਰਾਗੁ ਮਾਝ ਮਹਲਾ ੫ ॥

ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਮਾਝ  ਅੰਗ ੯੭ (97)

ਸਭ ਜੀਵਾਂ ਦੇ ਦਾਤੇ ਨੂੰ ਜਿਸ ਸਮੇਂ ਮੈਂ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾਂ ਹੀ ਮੈਨੂੰ ਸੁਖਦਾਈ ਜਾਪਦਾ ਹੈ । ਮੈਂ ਜੇਹੜਾ ਵੀ ਕੰਮ ਗੁਰੂ ਦੀ ਮਤਿ ਅਨੁਸਾਰ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ । ਜਿਸ ਹਿਰਦੇ ਵਿਚ ਬਾਣੀ ਦਾ ਗਿਆਨ ਵੱਸਦਾ ਹੈਂ, ਉਹ ਹਿਰਦਾ ਨਿਰਮਲ ਰਹਿੰਦਾ ਹੈ ।


03 ਨਵੰਬਰ, 1984 : ਸਿੱਖਾਂ ਦੇ ਕਤਲੇਆਮ ਦਾ ਚੌਥਾ ਦਿਨ

ਜੂਨ ਚੁਰਾਸੀ ਵਿਚ ਵਾਪਰੇ ਸਾਕੇ ਦੇ ਨਤੀਜੇ ਵੱਜੋਂ ਜਦੋਂ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਇਹ ਸਿੱਖ ਸਮਾਜ ਲਈ ਭਾਰੀ ਤਬਾਹੀ ਲੈ ਕੇ ਆਇਆ ।

31 ਅਕਤੂਬਰ, 1984 ਨੂੰ, ਸਮੁੱਚੇ ਭਾਰਤ ਵਿੱਚ ਸ਼ੁਰੂ ਹੋਏ ਸਿੱਖਾਂ ਦੇ ਕਤਲੇਆਮ 3 ਨਵੰਬਰ, 1984 ਨੂੰ ਚੌਥੇ ਦਿਨ ਵੀ ਬੇ-ਰੋਕ ਚੱਲਦੇ ਰਹੇ। ਸਰਕਾਰ ਵਲੋਂ ਅਗਲੇ ਕਦਮ ਵਜੋਂ ਅਣਮਿਥੇ ਸਮੇ ਦੇ ਲਈ ਕਰਫਿਊ ਲਗਾਣਾ ਦੀ ਘੋਸ਼ਣਾ ਕੀਤੀ ਗਈ। ਪਰ ਕਰਫਿਊ ਦਾ ਐਲਾਨ ਹੋ ਜਾਣ ਤੋਂ ਬਾਅਦ ਵੀ ਹਿੰਸਕ ਘਟਨਾਵਾਂ ਵਿਚ ਕੋਈ ਕਮੀ ਨਹੀਂ ਹੋਈ ।