ਸਲੋਕੁ ॥

ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥
ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਰਾਮਕਲੀ  ਅੰਗ ੯੨੬ (926)

ਜਿਹੜੇ ਮਨੁੱਖ ਸਤਿਗੁਰੂ ਦੇ ਸੋਹਣੇ ਚਰਨਾਂ ਦੀ ਸਰਨ ਆ ਕੇ ਗੁਣ ਗਾਂਦੇ ਹਨ, ਉਹਨਾਂ ਦੇ ਹਿਰਦੇ ਵਿਚ ਸਦਾ ਆਨੰਦ ਤੇ ਸੁਖ ਬਣੇ ਰਹਿੰਦੇ ਹਨ । ਸਾਨੂੰ ਆਪਣੇ ਸੱਚੇ ਮਾਲਕ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਹਰ ਬਿਪਤਾ ਦੂਰ ਕਰਨ ਵਾਲਾ ਹੈ ।


03 ਮਈ, 1704 : ਆਨੰਦਪੁਰ ਨੂੰ ਬਿਲਾਸਪੁਰ, ਹਡੂਰ, ਕਾਂਗੜਾ, ਲਾਹੋਰ ਤੇ ਸਰਹੰਦ ਦੀਆਂ ਫੌਜਾਂ ਨੇ ਘੇਰਿਆ

ਬਿਲਾਸਪੁਰ ਤੇ ਹਡੂਰ ਦੇ ਰਾਜਿਆਂ ਨੇ ਜਿਨ੍ਹਾਂ ਨਾਲ ਕਾਂਗੜਾ, ਲਾਹੋਰ ਤੇ ਸਰਹੰਦ ਦੀਆਂ ਫੌਜਾਂ ਵੀ ਸਨ, 03 ਮਈ, 1704 ਵਾਲੇ ਦਿਨ ਆਨੰਦਪੁਰ ਨੂੰ ਚਾਰੋਂ ਪਾਸਿਓਂ ਘੇਰਾ ਪਾ ਲਿਆ।


03 ਮਈ, 1718 : ਜਨਮ ਜੱਸਾ ਸਿੰਘ ਆਹਲੂਵਾਲੀਆ

ਸਿੱਖ ਫ਼ੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਸ. ਬਦਰ ਸਿੰਘ ਦੇ ਘਰ 3 ਮਈ, 1718 ਦੇ ਦਿਨ ਲਾਹੌਰ ਦੇ ਨੇੜੇ ਇੱਕ ਪਿੰਡ ਆਹਲੂ ਵਿੱਚ ਹੋਇਆ ਸੀ।

ਨਿੱਕੀ ਉਮਰ ਵਿੱਚ ਹੀ ਉਸ ਦੇ ਪਿਤਾ ਚੜ੍ਹਾਈ ਕਰ ਗਏ ਸਨ ਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ‘ਤੇ ਦਿੱਲੀ ਵਿੱਚ ਬੀਤਿਆ ਸੀ। ਮਗਰੋਂ ਜਥੇਦਾਰ ਨਵਾਬ ਕਪੂਰ ਸਿੰਘ ਉਸ ਨੂੰ ਆਪਣੇ ਨਾਲ ਲੈ ਆਏ ਸਨ।

ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ 1753 ਵਿੱਚ ਆਪਣੇ ਮਰਨ ਤੋਂ ਪਿੱਛੋਂ ਉਸ ਨੂੰ ਅਪਣਾ ਵਾਰਿਸ ਬਣਾਇਆ। 1753 ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ, ਦਲ ਖ਼ਾਲਸਾ ਦੇ ਮੁਖੀ ਬਣਾਏ ਗਏ ਸਨ।

1761 ਵਿੱਚ ਉਸਨੇ ਲਹੌਰ ’ਤੇ ਕਬਜ਼ਾ ਕੀਤਾ। 1761 ਵਿੱਚ ਅਹਿਮਦ ਸ਼ਾਹ ਕੋਲੋਂ 2200 ਹਿੰਦੂ ਔਰਤਾਂ ਨੂੰ ਛੁੜਾ ਕੇ ਘਰੋਂ-ਘਰ ਪਹੁੰਚਾਇਆ ਅਤੇ 1764 ਵਿੱਚ ਸਰਹਿੰਦ ਨੂੰ ਜਿੱਤਿਆ ਤੇ ਉਥੋਂ ਪ੍ਰਾਪਤ ਆਪਣੇ ਸਾਰੇ ਖ਼ਜਾਨੇ ਨੂੰ ਦਰਬਾਰ ਸਾਹਿਬ ਭੇਂਟ ਕੀਤੀ।

ਅਹਿਮਦ ਸ਼ਾਹ ਅਬਦਾਲੀ ਨਾਲ਼ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ। ਅਹਿਮਦ ਸ਼ਾਹ ਵਲੋਂ ਬਾਰੂਦ ਨਾਲ ਉਡਾਈ ਗਈ ਦਰਬਾਰ ਸਾਹਿਬ ਦੀ ਮਜੂਦਾ ਇਮਾਰਤ ਦੀ ਉਸਾਰੀ ਕਰਵਾਈ।

1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂਹ ਰੱਖੀ।