ਸਲੋਕ
ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥ਭਗਤ ਕਬੀਰ ਜੀ
ਸਲੋਕ ਅੰਗ ੧੩੭੪
ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ, ਜਿਸ ਹਿਰਦੇ ਵਿਚ ਅਜੇ ਵੀ ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ ਡਰ ਮੌਜੂਦ ਹੈ, ਉਥੇ ਸਚੇ ਨਾਮ ਦਾ ਨਿਵਾਸ ਨਹੀਂ ਹੋਇਆ । ਮੈਂ, ਕਬੀਰ, ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ —ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ ਸ਼ੱਕ, ਸ਼ੰਕਾ, ਭਰੋਸਾ-ਹੀਣਤਾ ਆਦਿਕ ਕੋਈ ਖ਼ਤਰੇ ਨਹੀਂ ਰਹਿ ਜਾਂਦੇ ।
3 ਮਾਰਚ, 1762 : ਅਬਦਾਲੀ ਸਿੱਖਾਂ ਦੇ ਸਿਰਾਂ ਦੇ ਪੰਜਾਹ ਗੱਡੇ ਲੱਦ ਕੇ ਲਾਹੌਰ ਲੈ ਗਿਆ
ਵੱਡੇ ਘਲੂਘਾਰੇ ਦੀ ਜੰਗ (5 ਫਰਵਰੀ, 1762) ਤੋਂ ਲੱਗਭਗ ਇੱਕ ਮਹੀਨੇ ਬਾਅਦ ਅਹਿਮਦ ਸ਼ਾਹ ਅਬਦਾਲੀ 3 ਮਾਰਚ, 1762 ਨੂੰ ਲਾਹੌਰ ਵਾਪਿਸ ਚਲਾ ਗਿਆ। ਸਿੱਖਾਂ ਉੱਤੇ ਆਪਣੀ ਜਿੱਤ ਦਾ ਪ੍ਰਭਾਵ ਪਾਉਣ ਲਈ ਉਹ ਆਪਣੇ ਨਾਲ ਇਸ ਜੰਗ ਵਿੱਚ ਮਾਰੇ ਗਏ ਸਿੱਖਾਂ ਦੇ ਸਿਰਾਂ ਦੇ 50 ਗੱਡੇ ਲੱਦ ਕੇ ਲਾਹੌਰ ਲੈ ਗਿਆ। ਬਹੁਤ ਸਾਰੇ ਸਿੱਖਾਂ, ਔਰਤਾਂ, ਬੱਚਿਆਂ ਨੂੰ ਵੀ ਕੈਦੀ ਬਣਾ ਕੇ ਆਪਣੇ ਨਾਲ ਲੈ ਗਿਆ।
ਸ਼ਹੀਦ ਕੀਤੇ ਗਏ ਸਿੱਖਾਂ ਦੇ ਸਿਰਾਂ ਨਾਲ ਮੀਨਾਰ ਉਸਾਰੇ ਗਏ। ਕਿਹਾ ਜਾਂਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਦੁਆਰਾ ਉਨ੍ਹਾਂ ਮਸਜਿਦਾਂ ਦੀਆਂ ਦੀਵਾਰਾਂ ਨੂੰ, ਜਿਨ੍ਹਾਂ ਨੂੰ ਸਿੱਖਾਂ ਨੇ ਅਪਵਿੱਤਰ ਕੀਤਾ ਸੀ, ਉਨ੍ਹਾਂ ਦੇ ਖ਼ੂਨ ਨਾਲ ਧੋਤਾ ਗਿਆ।