ਸਲੋਕ

ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੭੪

ਜਿਸ ਹਿਰਦੇ ਵਿਚ ਅਜੇ ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ ਵੀ ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ ।

ਭਗਤ ਕਬੀਰ ਜੀ ਇਹ ਵਿਚਾਰ ਦੇ ਰਹੇ ਹਨ ਕਿ — ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ ਸੰਸਾ, ਕਠੋਰਤਾ, ਹੰਕਾਰ ਅਤੇ ਹੋਰ ਵਿਕਾਰਾਂ ਦਾ ਕੋਈ ਖ਼ਤਰਾ ਨਹੀਂ ਰਹਿ ਜਾਂਦਾ !



3 ਮਾਰਚ 1762 :- ਅਬਦਾਲੀ ਸਿੱਖਾਂ ਦੇ ਸਿਰਾਂ ਦੇ 50 ਗੱਡੇ ਲੱਧ ਕੇ ਲਾਹੌਰ ਲੈ ਗਿਆ। 

੫ ਫਰਵਰੀ ੧੭੬੨ ਨੂੰ ਅਬਦਾਲੀ ਨੇ ਅਚਾਨਕ ਹਮਲਾ ਕਰਕੇ ਸਿੱਖਾਂ ਦਾ ਭਾਰੀ ਨੁਕਸਾਨ ਕੀਤਾ ਸੀ। ਇਸ ਤੋਂ ਬਾਅਦ ਉਹ ਸਿੱਖਾਂ ਦੇ ਮਨੋਬਲ ਨੂੰ ਪੂਰੀ ਤਰ੍ਹਾਂ ਤੋੜਨਾ ਚਾਹੁੰਦਾ ਸੀ। ਉਸ ਨੇ ਹੁਕਮ ਦਿੱਤਾ ਕਿ ਜਿੰਨੇ ਵੀ ਸਿੱਖ ਸ਼ਹੀਦ ਹੋਏ ਹਨ, ਉਨ੍ਹਾਂ ਦੇ ਸਿਰ ਵੱਢ ਕੇ ਲਾਹੌਰ ਲਿਜਾਏ ਜਾਣ ਤਾਂ ਜੋ ਦੁਨੀਆ ਨੂੰ ਆਪਣੀ ਤਾਕਤ ਦਿਖਾ ਸਕੇ।

ਉਸ ਜੰਗ ਵਿੱਚ ਵੱਡੇ ਘੱਲੂਘਾਰੇ ਦੇ ਲਗਭਗ ੩੦,੦੦੦ ਤੋਂ ੩੫,੦੦੦ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ, ਅਬਦਾਲੀ ਨੇ ਦਹਿਸ਼ਤ ਫੈਲਾਉਣ ਲਈ ਸ਼ਹੀਦਾਂ ਦੇ ਸਿਰ ਵੱਢ ਕੇ ਗੱਡਿਆਂ ‘ਤੇ ਲੱਦ ਲਏ।

ਇਤਿਹਾਸਕ ਹਵਾਲਿਆਂ ਅਨੁਸਾਰ, ੩ ਮਾਰਚ ਦੇ ਆਸ-ਪਾਸ ਅਬਦਾਲੀ ਦਾ ਕਾਫ਼ਲਾ ਲਾਹੌਰ ਪਹੁੰਚ ਰਿਹਾ ਸੀ। ਉਸ ਦੇ ਨਾਲ ੫੦ ਗੱਡੇ ਸਨ ਜੋ ਸਿੱਖਾਂ ਦੇ ਸਿਰਾਂ ਨਾਲ ਨੱਕੋ-ਨੱਕ ਭਰੇ ਹੋਏ ਸਨ। ਇਸ ਤੋਂ ਇਲਾਵਾ, ਹਜ਼ਾਰਾਂ ਸਿੱਖ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਕੇ ਗੁਲਾਮਾਂ ਵਜੋਂ ਨਾਲ ਲਿਜਾਇਆ ਜਾ ਰਿਹਾ ਸੀ।

ਜਦੋਂ ਇਹ ਗੱਡੇ ਲਾਹੌਰ ਪਹੁੰਚੇ, ਤਾਂ ਅਬਦਾਲੀ ਨੇ ਉਨ੍ਹਾਂ ਸਿਰਾਂ ਦੇ ਮੀਨਾਰ ਬਣਾਏ। ਮੁਸਲਿਮ ਇਤਿਹਾਸਕਾਰਾਂ ਨੇ ਵੀ ਲਿਖਿਆ ਹੈ ਕਿ ਲਾਹੌਰ ਦੀਆਂ ਮਸਜਿਦਾਂ ਦੀਆਂ ਕੰਧਾਂ ਅਤੇ ਫਰਸ਼ਾਂ ਨੂੰ ਸ਼ਹੀਦ ਸਿੰਘਾਂ ਦੇ ਖੂਨ ਨਾਲ ਧੋਤਾ ਗਿਆ ਤਾਂ ਜੋ ਸਿੱਖਾਂ ਨੂੰ ਨੀਵਾਂ ਦਿਖਾਇਆ ਜਾ ਸਕੇ। ਇਹ ਸਿੱਖ ਕੌਮ ‘ਤੇ ਸਭ ਤੋਂ ਵੱਡਾ ਮਾਨਸਿਕ ਅਤੇ ਸਰੀਰਕ ਹਮਲਾ ਸੀ।

ਇੰਨੇ ਵੱਡੇ ਕਤਲੇਆਮ ਅਤੇ ਬੇਅਦਬੀ ਦੇ ਬਾਵਜੂਦ, ਸਿੱਖਾਂ ਨੇ ਹਾਰ ਨਹੀਂ ਮੰਨੀ। ਇਤਿਹਾਸ ਗਵਾਹ ਹੈ ਕਿ ਇਸੇ ਸਾਲ (੧੭੬੨) ਦੀ ਦੀਵਾਲੀ ਤੱਕ ਸਿੱਖਾਂ ਨੇ ਮੁੜ ਜਥੇਬੰਦ ਹੋ ਕੇ ਅੰਮ੍ਰਿਤਸਰ ਵਿਖੇ ਅਬਦਾਲੀ ਦੀ ਫੌਜ ਨੂੰ ਅਜਿਹੀ ਟੱਕਰ ਦਿੱਤੀ ਕਿ ਉਸ ਨੂੰ ਭੱਜਣਾ ਪਿਆ।