ਮਾਝ ਮਹਲਾ ੩ ॥

ਅੰਦਰਿ ਹੀਰਾ ਲਾਲੁ ਬਣਾਇਆ ॥
ਗੁਰ ਕੈ ਸਬਦਿ ਪਰਖਿ ਪਰਖਾਇਆ ॥
ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਮਾਝ  ਅੰਗ ੧੧੩ (113)

ਕੁਦਰਤਿ ਨੇ ਹਰੇਕ ਸਰੀਰ ਦੇ ਅੰਦਰ ਆਪਣੀ ਜੋਤਿ-ਰੂਪ ਬੇਸ਼ਕੀਮਤੀ ਹੀਰਾ ਤੇ ਲਾਲ ਟਿਕਾਏ ਹਨ, ਪਰ ਕੋਈ ਵਿਰਲੇ ਭਾਗਾਂ ਵਾਲਿਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਹੀਰੇ ਦੀ ਪਰਖ ਕੀਤੀ ਹੈ।

ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਮਾਲਕ ਦਾ ਨਾਮ-ਰੂਪੀ ਹੀਰਾ ਵੱਸ ਪਿਆ ਹੈ, ਉਹ ਹੀ ਨਾਮ ਸਿਮਰਦੇ ਹਨ । ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ ਸਦਾ-ਥਿਰ ਨਾਮ ਨੂੰ ਹੀ ਕਸਵੱਟੀ ਦੇ ਤੌਰ ਤੇ ਵਰਤਦੇ ਹਨ ।


3 ਜੁਲਾਈ, 1850 : ਮਹਾਰਾਜਾ ਰਣਜੀਤ ਸਿੰਘ ਦਾ ਕੋਹੇ-ਨੂਰ ਹੀਰਾ ਮਲਕਾ ਵਿਕਟੋਰੀਆ ਕੋਲ ਪਹੁੰਚਿਆ

‘ਕੋਹੇ-ਨੂਰ’ (ਰੋਸ਼ਨੀ ਦਾ ਪਰਬਤ) ਨਾਮ ਦੇ ਇਸ ਪ੍ਰਸਿੱਧ ਹੀਰੇ ਬਾਰੇ ਇਹ ਮਾਨਤਾ ਹੈ ਕਿ ਇਸ ਨੂੰ ਧਾਰਣ ਕਰਨ ਵਾਲੇ ਹੁਕਮਰਾਨ ਦਾ ਵਿਨਾਸ਼ ਹੋ ਜਾਂਦਾ ਹੈ, ਇਸ ਲਈ ਇਹ ਅਸ਼ੁਭ ਹੈ।

ਮਹਾਰਾਜਾ ਰਣਜੀਤ ਸਿੰਘ ਨੇ 1 ਜੂਨ, 1813 ਨੂੰ ਇਹ ਹੀਰਾ ਸ਼ਾਹਸੁਜਾ ਤੋਂ ਪ੍ਰਾਪਤ ਕੀਤਾ ਸੀ। ਮਹਾਰਾਜਾ ਇਸ ਨੂੰ ਆਪਣੇ ਸੱਜੇ ਡੌਹਲੇ ਉਤੇ ਬੰਨ੍ਹਦੇ ਸਨ। ਲਾਹੌਰ ਦਰਬਾਰ ਉਤੇ ਕਬਜ਼ੇ ਤੋਂ ਬਾਦ 7 ਦਸੰਬਰ, 1849 ਨੂੰ ਇਹ ਹੀਰਾ ਲਾਰਡ ਡਲਹੌਜ਼ੀ ਨੇ ਮਹਾਰਾਜਾ ਦਲੀਪ ਸਿੰਘ ਦੇ ਖ਼ਜ਼ਾਨੇ ‘ਚੋਂ ਕੱਢ ਕੇ ਆਪਣੇ ਇਤਬਾਰੀ ਅਫ਼ਸਰ ਕਰਨਲ ਮੈਕਸਨ ਹੱਥੀਂ ਬਰਤਾਨੀਆਂ ਨੂੰ ਭੇਜਿਆ। 3 ਜੁਲਾਈ, 1850 ਨੂੰ ਇਹ ਮਲਕਾ ਵਿਕਟੋਰੀਆ ਕੋਲ ਪਹੁੰਚ ਗਿਆ।

ਅੱਜਕਲ ਇਹ ਹੀਰਾ ਬਰਤਾਨੀਆ ਦੇ ਸ਼ਾਹੀ ਘਰਾਣੇ ਕੋਲ ਹੈ ਅਤੇ ਮਲਿਕਾ ਦੇ ਤਾਜ ਵਿਚ ਸਜਾਇਆ ਜਾਂਦਾ ਹੈ। ਇਸ ਹੀਰੇ ਦਾ ਅਸਲ ਵਜ਼ਨ ਲਗਭਗ 186-ਕੈਰਟ ਸੀ, ਪਰ ਤਰਾਸ਼ਣ ਤੋਂ ਬਾਅਦ ਇਸ ਦਾ ਭਾਰ 106-ਕੈਰਟ ਰਹਿ ਗਿਆ।