ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥
ਨਾਨਕ ਗੁਰਮੁਖਿ ਮਥਿ ਤਤੁ ਕਢੀਏ ॥ਮਹਲਾ ੪ : ਗੁਰੂ ਰਾਮਦਾਸ ਜੀ
ਰਾਗ ਆਸਾ ਅੰਗ ੩੬੭
ਮਨੁੱਖ ਦੇ ਇਸ ਸਰੀਰ ਰੂਪੀ ਸਰੋਵਰ ਵਿਚ ਗੁਰੂ ਨੇ ਗੁਣ ਪਰਗਟ ਕੀਤੇ ਹਨ। ਨਾਨਕ ਜੀ ਕਹਿੰਦੇ ਹਨ ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਹੈ, ਤਿਵੇਂ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਗੁਣਾਂ ਨੂੰ ਮੁੜ-ਮੁੜ ਵਿਚਾਰ ਕੇ ਉੱਚਾ-ਸੁੱਚਾ ਜੀਵਨ ਬਣਾ ਲੈਂਦਾ ਹੈ।
3 ਜਨਵਰੀ, 1588 : ਅੰਮ੍ਰਿਤਸਰ ਸਰੋਵਰ ਵਿਚਕਾਰ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ
ਗੁਰੂ ਅਰਜਨ ਸਾਹਿਬ ਨੇ 1581 ਵਿਚ ਗੁਰਗੱਦੀ ਦੀ ਸੇਵਾ ਸੰਭਾਲੀ ਤੇ ਇਸ ਦੇ ਨਾਲ ਹੀ ਉਹ ਨਵੇਂ ਵਸਾਏ ਨਗਰ ‘ਗੁਰੂ ਦਾ ਚੱਕ’ ਵਿੱਚ ਆ ਵਸੇ। ਉਨ੍ਹਾਂ ਨੇ 1586 ਵਿਚ ਨਗਰ ਵਿਚ ਅੰਮ੍ਰਿਤਸਰ ਸਰੋਵਰ ਨੂੰ ਪੱਕਿਆਂ ਕਰਵਾਇਆ।
3 ਜਨਵਰੀ, 1588 ਦੇ ਦਿਨ, ਅੰਮ੍ਰਿਤਸਰ ਸਰੋਵਰ ਦੇ ਵਿਚਕਾਰ, ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥੀਂ ‘ਦਰਬਾਰ ਸਹਿਬ’ ਦੀ ਨੀਂਹ ਰੱਖੀ। ਛੇਤੀ ਹੀ ਨਗਰ ਦਾ ਨਾਮ ਇਸ ਸਰੋਵਰ ਕਰ ਕੇ ‘ਅੰਮ੍ਰਿਤਸਰ’ ਹੀ ਮਸ਼ਹੂਰ ਹੋ ਗਿਆ।