ਬਸੰਤ ਕੀ ਵਾਰ ਮਹਲੁ ੫
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਬਸੰਤ  ਅੰਗ ੧੧੯੩

ਜਿਸ ਮਨੁੱਖ ਨੇ ਸਿਮਰਨ-ਰੂਪ ਸੱਚੀ ਭੇਟਾ ਗੁਰੂ ਦੀ ਹਜ਼ੂਰੀ ਵਿਚ ਪੇਸ਼ ਕੀਤੀ ਹੈ। ਗੁਰੂ ਨੇ ਪੰਜੇ ਹੀ ਵੱਡੇ ਬਲੀ (ਪੰਜ ਵਿਕਾਰ) ਬੰਨ੍ਹ ਦਿੱਤੇ ਹਨ, ਜਿਸ ਕਰਕੇ ਸਾਰੇ ਹੀ ਸਹਸੇ/ਸ਼ੰਕਾ ਰੂਪੀ ਰੋਗ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ ਹਿਰਦੇ ਨਾਲ ਨਰੋਆ ਬਣਿਆ ਰਹਿੰਦਾ ਹੈ । ਉਹ ਮਨੁੱਖ ਦਿਨ ਰਾਤ ਸੱਚ ਨਾਮ ਸਿਮਰਦਾ ਹੈ, ਉਸ ਨੂੰ ਆਤਮਿਕ ਮੌਤ ਨਹੀਂ ਆਉਂਦੀ । ਪੰਜਵੇਂ ਨਾਨਕ ਆਖਦੇ ਹਨ ਕਿ ਜਿਸ ਕੁਦਰਤਿ ਤੋਂ ਉਹ ਪੈਦਾ ਹੋਇਆ ਸੀ, ਸਿਮਰਨ ਦੀ ਬਰਕਤਿ ਨਾਲ, ਉਸੇ ਦਾ ਹੀ ਰੂਪ ਹੋ ਜਾਂਦਾ ਹੈ ।


3 ਫਰਵਰੀ, 1791 : ਕਰੋੜਸਿੰਘੀਆ ਮਿਸਲ ਜਰਨੈਲ ਭੰਗਾ ਸਿੰਘ ਨੇ ਅੰਗ੍ਰੇਜ਼ ਲੈਫ਼ਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਗ੍ਰਿਫ਼ਤਾਰ ਕੀਤਾ

3 ਜਨਵਰੀ 1791 ਵਾਲੇ ਦਿਨ ਕਰੋੜਸਿੰਘੀਆ ਮਿਸਲ ਦੇ ਜਰਨੈਲ ਸਰਦਾਰ ਭੰਗਾ ਸਿੰਘ ਨੇ ਅੰਗ੍ਰੇਜ਼, ਲੈਫ਼ਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਗ੍ਰਿਫ਼ਤਾਰ ਕਰਕੇ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਉਸਦੀ ਰਿਹਾਈ ਦੇ ਲਈ ਇੱਕ ਲੱਖ ਰੁਪਏ ਦੀ ਭਾਰੀ ਰਕਮ ਦੀ ਮੰਗ ਕੀਤੀ।

9 ਮਈ 1785 ਵਾਲੇ ਮਹਾਦਜੀ ਸਿੰਧੀਆ ਅਤੇ ਸਿੱਖਾਂ ਦੇ ਵਿਚਕਾਰ ਇੱਕ ਸੰਧੀ ਹੋਈ ਜਿਸ ਦੇ ਮੁਤਾਬਿਕ ਸਿੱਖ ਇਸ ਗੱਲ ਤੇ ਸਹਿਮਤ ਹੋ ਗਏ ਕੇ ਉਹ ਹੁਣ ਅਵਧ ਉੱਤੇ ਹਮਲਾ ਨਹੀਂ ਕਰਨਗੇ । ਦਰਅਸਲ ਅਵਧ ਸ਼ਾਸਨ ਦੀ ਰਾਖੀ ਬ੍ਰਿਟਿਸ਼ ਵਲੋਂ ਕੀਤੀ ਜਾਣੀ ਸ਼ੁਰੂ ਹੋ ਚੁੱਕੀ ਸੀ, ਸੋ ਅਵਧ ਦੀ ਨਿਗਰਾਨੀ ਲਖ਼ਨਊ ਵਿਖੇ ਰੈਜੀਡੈਂਟ ਦੁਆਰਾ ਕੀਤੀ ਜਾਂਦੀ ਸੀ ।