ਮਃ ੨ ॥
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥ਮਹਲਾ ੨ – ਗੁਰੂ ਅੰਗਦ ਦੇਵ ਜੀ
ਰਾਗ ਮਾਝ ਅੰਗ ੧੪੬ (146)
ਮਾਨੋ ਇਹ ਹਵਾ ਜੀਵਾਂ ਦਾ ਗੁਰੂ ਹੈ ਭਾਵ, ਹਵਾ ਸਰੀਰਾਂ ਲਈ ਇਉਂ ਜ਼ਰੂਰੀ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਜ਼ਰੂਰੀ ਹੈ । ਇਵੇਂ ਹੀ ਪਾਣੀ ਸਭ ਜੀਵਾਂ ਦਾ ਪਿਉ ਹੈ, ਅਤੇ ਇਹ ਧਰਤੀ ਸਭ ਦੀ ਵੱਡੀ ਮਾਂ ਹੈ ।
ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, ਇਹਨਾਂ ਨਾਲ ਸਾਰਾ ਸੰਸਾਰ ਖੇਡ ਰਿਹਾ ਹੈ ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸਉਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚਦੇ ਪਏ ਹਨ ।
ਇਹਨਾਂ ਜੀਵਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਨਿੱਤ ਇਹਨਾਂ ਦਾ ਧਰਮਰਾਜ ਰੂਪੀ ਅੰਤਰਮਨ ਬੜੇ ਗਹੁ ਨਾਲ ਵਿਚਾਰਦਾ ਹੈ । ਆਪੋ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਉਸ ਕੁਦਰਤਿ ਦੇ ਸੱਚ-ਸਿਧਾਂਤ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ ।
ਜਿਨ੍ਹਾਂ ਮਨੁੱਖਾਂ ਨੇ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, ਉਹ ਆਤਮਿਕ ਤੌਰ ਤੇ ਸੁਰਖ਼ਰੂ ਹਨ, ਹੋਰ ਬਥੇਰੀ ਲੁਕਾਈ ਵੀ ਉਹਨਾਂ ਦੀ ਸੰਗਤਿ ਵਿਚ ਰਹਿ ਕੇ ਮੁਕਤ ਹੋਣ ਦਾ ਢੰਗ ਸਮਝੀ ਜਾਂਦੀ ਹੈ ।