ਤੂ ਗੁਣਦਾਤੌ ਨਿਰਮਲੋ ਭਾਈ ਨਿਰਮਲੁ ਨਾ ਮਨੁ ਹੋਇ ॥
ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਸੋਰਠਿ ਰਾਗ ਅੰਗ ੬੩੭ (637)
ਹੇ ਸਤਿਗੁਰੂ! ਤੂੰ ਜੀਵਾਂ ਨੂੰ ਆਪਣੇ ਗੁਣਾਂ ਦੀ ਦਾਤਿ ਦੇਣ ਵਾਲਾ ਹੈਂ, ਤੇ ਨਿਰਮਲ ਸਰੂਪ ਹੈਂ । ਪਰ ਵਿਕਾਰਾਂ ਦੇ ਕਾਰਨ ਸਾਡਾ ਮਨ ਅਜੇ ਪਵਿਤ੍ਰ ਨਹੀਂ ਹੈ, ਅਸੀ ਪਾਪੀ ਹਾਂ, ਗੁਣ-ਹੀਣ ਹਾਂ । ਪਵਿਤ੍ਰਤਾ ਦਾ ਇਹ ਨਿਰਮਲ ਗੁਣ ਸਾਨੂੰ ਗੁਰਬਾਣੀ ਗੁਰੂ ਪਾਸੋਂ ਹੀ ਮਿਲ ਸਕਦਾ ਹੈ ।
02 ਅਕਤੂਬਰ, 1700 : ਗੁਰੂ ਗੋਬਿੰਦ ਸਿੰਘ ਜੀ ਕਿਲ੍ਹਾ ਨਿਰਮੋਹਗੜ੍ਹ ਆਏ; ਪਹਾੜੀ ਰਾਜਿਆਂ ਨੇ ਪਿੱਛਾ ਕਰਕੇ ਹਮਲਾ ਕੀਤਾ
ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਕੀਰਤਪੁਰ ਨਗਰ ਤੋਂ 4 ਕਿਲੋਮੀਟਰ ਦੱਖਣ ਵਾਲੇ ਪਾਸੇ ‘ਹਰਦੋ ਨਮੋਹ’ ਨਾਂ ਦੇ ਪਿੰਡ ਕੋਲ ਇਕ ਪਹਾੜੀ ਉਤੇ ਕਿਲ੍ਹਾ ਨਿਰਮੋਹਗੜ੍ਹ ਹੈ। ਗੁਰੂ ਗੋਬਿੰਦ ਸਿੰਘ ਜੀ ਇਥੇ 2 ਅਕਤੂਬਰ, 1700 ਨੂੰ ਆ ਕੇ ਠਹਿਰੇ ਸਨ।
ਜਦੋਂ ਪਹਾੜੀ ਰਾਜਿਆਂ ਨੇ ਮਿਲ ਕੇ ਆਨੰਦਪੁਰ ਉਤੇ ਹਮਲਾ ਕਰ ਦਿੱਤਾ ਅਤੇ ਆਨੰਦਗੜ੍ਹ ਕਿਲ੍ਹੇ ਨੂੰ ਘੇਰ ਲਿਆ। ਪਰ ਕਾਮਯਾਬੀ ਨਜ਼ਰ ਨ ਆਉਂਦੀ ਵੇਖ ਕੇ ਉਨ੍ਹਾਂ ਨੇ ਗੁਰੂ ਜੀ ਨਾਲ ਇਕ ਛਲ ਖੇਡਿਆ ਕਿ ਜੇ ਗੁਰੂ ਸਾਹਿਬ ਕੁਝ ਸਮੇਂ ਲਈ ਆਨੰਦਪੁਰ ਛਡ ਦੇਣ, ਤਾਂ ਪਹਾੜੀ ਰਾਜੇ ਘੇਰਾ ਹਟਾ ਲੈਣਗੇ।
ਗੁਰੂ ਜੀ ਨੇ ਉਨ੍ਹਾਂ ਦੀ ਗੱਲ ਮੰਨ ਕੇ ਆਨੰਦਗੜ੍ਹ ਦਾ ਮੋਹ ਛਡ ਕੇ ਕੁਝ ਸਮੇਂ ਲਈ ਇਸ ਪਹਾੜੀ ਉਤੇ ਆ ਬਿਰਾਜੇ। ਪਰ ਪਹਾੜੀ ਰਾਜੇ ਆਪਣੇ ਬਚਨ ਤੋਂ ਫਿਰ ਗਏ ਅਤੇ ਸਿੱਖ ਸੈਨਾ ਨੂੰ ਘੇਰ ਲਿਆ। ਸਿੰਘਾਂ ਨੇ ਉਨ੍ਹਾਂ ਨੂੰ ਅਗੇ ਵਧਣ ਨ ਦਿੱਤਾ।
ਉਨ੍ਹਾਂ ਨੇ ਇਕ ਤੋਪਚੀ ਤੋਂ ਗੁਰੂ ਸਾਹਿਬ ਉਤੇ ਗੋਲਾ ਚਲਵਾਇਆ। ਗੁਰੂ ਜੀ ਤਾਂ ਬਚ ਗਏ, ਪਰ ਉਨ੍ਹਾਂ ਦਾ ਸੇਵਕ ਭਾਈ ਰਾਮ ਸਿੰਘ ਮਾਰਿਆ ਗਿਆ। ਗੁਰੂ ਜੀ ਨੇ ਤੀਰ ਚਲਾ ਕੇ ਤੋਪਚੀ ਨੂੰ ਮਾਰ ਦਿੱਤਾ। ਗੁਰੂ ਜੀ, ਸਮੇਤ ਸਿੱਖ ਫ਼ੌਜ, ਘੇਰੇ ਨੂੰ ਤੋੜ ਕੇ ਅਤੇ ਸਤਲੁਜ ਨਦੀ ਪਾਰ ਕਰਕੇ ਬਸੋਹਲੀ ਰਿਆਸਤ ਵਲ ਚਲੇ ਗਏ।