ਮਃ ੪ ॥
ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥
ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥
ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥ਮਹਲਾ ੪ – ਗੁਰੂ ਰਾਮਦਾਸ ਜੀ
ਰਾਗ ਮਾਰੂ ਅੰਗ ੧੦੮੭ (1087)
ਜੋ ਮਨੁੱਖ ‘ਨਾਮ’ ਤੋਂ ਸੱਖਣੇ ਹਨ ਉਹ ਭਟਕਦੇ ਹਨ । ਇਸ ਭਟਕਣਾ ਦੇ ਕਾਰਨ ਹੀ ਮਾਨਸਿਕ ਤੌਰ ਤੇ ਨਿੱਤ ਜੰਮਦੇ-ਮਰਦੇ ਰਹਿੰਦੇ ਹਨ ਭਾਵ, ਆਪਣੀ ਵਾਸਨਾਵਾਂ ਪੂਰੀਆਂ ਕਰਨ ਲਈ ਪ੍ਰੇਸ਼ਾਨੀ ਦੇ ਗੇੜ ਵਿਚ ਪਏ ਰਹਿੰਦੇ ਹਨ ।
ਸੋ, ਕਈ ਜੀਵ ਇਹਨਾਂ ਵਾਸਨਾਵਾਂ ਨਾਲ ਬੱਝੇ ਪਏ ਹਨ, ਕਈਆਂ ਨੇ ਬੰਧਨ ਕੁਝ ਢਿੱਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿਚ ਰਹਿ ਕੇ ਬਿਲਕੁਲ ਸੁਖੀ ਹੋ ਗਏ ਹਨ ।
ਜਿਹੜਾ ਮਨੁੱਖ ਸਦਾ-ਥਿਰ ਕੁਦਰਤੀ ਸਿਧਾਂਤਾਂ ਨੂੰ ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ, ਨਾਮ ਉਸ ਵਾਸਤੇ ਕਰਨ-ਜੋਗ ਕੰਮ ਹੈ, ਗਿਆਨ ਹੀ ਉਸ ਦੀ ਜੀਵਨ-ਜੁਗਤਿ ਹੋ ਜਾਂਦਾ ਹੈ ।
02 ਨਵੰਬਰ, 1879 : ਸਿੰਘ ਸਭਾ ਲਾਹੌਰ ਕਾਇਮ ਕੀਤੀ ਗਈ
ਸਿੰਘ ਸਭਾ ਲਾਹੌਰ ਨੂੰ 2 ਨਵੰਬਰ 1879 ਵਾਲੇ ਦਿਨ ਕਾਇਮ ਕੀਤਾ ਗਿਆ । ਪ੍ਰੋ. ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਵਰਗੇ ਗੁਰਸਿੱਖ ਇਸ ਦੇ ਮੁੱਖ ਆਗੂ ਸਨ ।
ਉਸ ਵਕਤ ਸਿੱਖ ਪੰਥ ਦੀ ਹਾਲਤ ਬਹੁਤ ਬੱਦਤਰ ਹੋ ਚੁੱਕੀ ਸੀ।ਪੰਜਾਬ ਵਿੱਚ ਅੰਗ੍ਰੇਜ਼ ਰਾਜ ਕਾਇਮ ਹੋ ਚੁਕਾ ਸੀ ਅਤੇ ਇਕ ਪਾਸੇ ਜਿੱਥੇ ਇਸਾਈਅਤ ਦੇ ਪ੍ਰਚਾਰ ਦੇ ਲਈ ਵੱਡੇ ਵੱਡੇ ਪਾਦਰੀ ਪੰਜਾਬ ਵਿੱਚ ਭੇਜੇ ਜਾ ਰਹੇ ਸਨ ਉਥੇ ਦੂਜੇ ਪਾਸੇ ਅੰਗ੍ਰੇਜ਼ ਅਖੌਤੀ ਸਾਧ, ਮਹੰਤਾਂ, ਪੁਜਾਰੀਆਂ ਦੇ ਵੀ ਪਿੱਠ ‘ਤੇ ਥਾਪੜਾ ਦੇ ਰਹੇ ਸਨ ।
ਸਿੱਖਾਂ ਵਿੱਚ ਕਰਮੰਕਾਂਡਾਂ ਦਾ ਦੌਰ ਪੂਰੀ ਤਰ੍ਹਾਂ ਦੇ ਨਾਲ ਆਪਣੇ ਪੈਰ ਪਸਾਰ ਰਿਹਾ ਸੀ । ਬਾਕੀ ਦੀ ਕਸਰ ਸਨਾਤਨੀਏ ਪੂਰੀ ਕਰ ਰਹੇ ਸਨ। ਸਿੱਖ ਧਰਮ ਦੇ ਨਾਂ ਤੇ ਗੁੰਮਰਾਹ ਹੋ ਕੇ ਹਿੰਦੂ-ਮੱਤ ਦੀਆਂ ਕਰਮਕਾਂਡੀ ਰਸਮਾਂ ਨੂੰ ਅਪਨਾ ਕੇ ਇਕ ਕਿਸਮ ਦੇ ਨਾਲ ਹਿੰਦੂਆਂ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਸਨ।
ਸਿੱਖ ਧਰਮ ਵਿਚ ਆਏ ਇਸ ਨਿਘਾਰ ਨੂੰ ਵੇਖਦਿਆਂ ਹੋਇਆਂ ਸਿੰਘ ਸਭਾ ਦਾ ਕਾਰਜ ਸ਼ੁਰੂ ਹੋਇਆ। ਐਸੇ ਔਖੇ ਸਮੇਂ ਵਿੱਚ ਸਿੰਘ ਸਭਾ ਲਹਿਰ ਦੀ ਸਥਾਪਨਾ ਕਰਨੀ ਬਹੁਤ ਹੀ ਸਿਆਣਪ ਭਰਪੂਰ ਕਾਰਜ ਸਾਬਿਤ ਹੋਇਆ।