ਸਲੋਕ

ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੭੪

ਭਗਤ ਕਬੀਰ ਜੀ ਅਨੁਸਾਰ ਪੰਜਾਂ ਤੱਤਾਂ ਤੋਂ ਇਹ ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਰੂਪੀ ਗਿਆਨ ਦੇ ਚਾਨਣ ਦਾ ਉਦੈ ਹੋਵੇ, ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ ।


2 ਮਾਰਚ, 1909 : ਜਨਮ ਸਿਰਦਾਰ ਕਪੂਰ ਸਿੰਘ

ਸਿਰਦਾਰ ਕਪੂਰ ਸਿੰਘ ਜੀ ਦਾ ਜਨਮ 2 ਮਾਰਚ, 1909 ਨੂੰ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਵਿਖੇ, ਸਰਦਾਰ ਦੀਦਾਰ ਸਿੰਘ ਧਾਲੀਵਾਲ ਅਤੇ ਮਾਤਾ ਹਰਨਾਮ ਕੌਰ ਦੇ ਗ੍ਰਹਿ ਵਿਖੇ ਹੋਇਆ ।

ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਕਰਨ ਮਗਰੋਂ ਉਚੇਰੀ ਸਿੱਖਿਆ ਲਈ ਆਪ ਕੈਂਬਰਿਜ਼ ਯੂਨੀਵਰਸਿਟੀ, ਇੰਗਲੈਂਡ ਗਏ । ਪੰਜਾਬ ਵਾਪਸ ਪਰਤ ਕੇ, ਆਪ ਨੇ ਇੰਡੀਅਨ ਐਡਮਨਿਸਟਰੇਸ਼ਨ ਸਰਵਿਸ (IAS) ਦਾ ਇਮਤਿਹਾਨ ਪਾਸ ਕੀਤਾ ਅਤੇ ਬਤੌਰ ਡਿਪਟੀ ਕਮਿਸ਼ਨਰ ਦੇ ਪ੍ਰਸ਼ਾਸਨਕ ਸੇਵਾ ਕੀਤੀ ।

ਉਨ੍ਹਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਅਨੇਕਾਂ ਪੁਸਤਕਾਂ ਲਿਖੀਆਂ । ਆਪ ਨੇ ਸਿੱਖ ਕੌਮ ਨੂੰ ਪੇਸ਼ ਆਂਦੀਆਂ ਸਿਆਸੀ ਮੁਸ਼ਕਲਾਂ ਅਤੇ ਬੇਇਨਸਾਫੀਆਂ ਦੇ ਸੰਬੰਧ ਵਿੱਚ ਵਿਦਵਤਾ ਭਰਪੂਰ ਲੇਖ ਵੀ ਲਿਖੇ ।


.