ਸਲੋਕੁ ਮਃ ੩ ॥

ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਸੋਰਠਿ  ਅੰਗ ੬੪੮ (648)

ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਪਰ ਹੋਰ ਹੋਰ ਕੰਮ ਕਰਦੇ ਹਨ, ਸਿੱਟਾ ਇਹ ਨਿਕਲਦਾ ਹੈ, ਕਿ ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ ਵਿਕਾਰ-ਰੂਪ ਵਿਸ਼ਟਾ ਵਿਚ ਸੜਦੇ ਹਨ ।

ਭਾਵ ਮੰਦੇ/ਬੁਰੇ ਕੰਮਾਂ ਦਾ ਨਤੀਜਾ ਅਖੀਰ ਵਿਚ ਬੁਰਾ ਹੀ ਨਿਕਲਦਾ ਹੈ, ਸੋ ਜੇ ਅਸੀਂ ਚੰਗਾ ਸਾਰਥਕ ਜੀਵਨ ਜਿਊਣਾ ਚਾਹੁੰਦੇ ਤਾਂ ਸਾਨੂੰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ।


2 ਜੂਨ, 1984 : ਸਾਕਾ ਨੀਲਾ ਤਾਰਾ ਦਾ ਦੂਜਾ ਦਿਨ

2 ਜੂਨ, 1984 ਦਿਨੇਂ : ਪੂਰੇ ਪੰਜਾਬ ਦੀ ਘੇਰਾਬੰਦੀ

1 ਜੂਨ ਦੀ ਪੂਰੇ ਦਿਨ ਦੀ ਗੋਲੀਬਾਰੀ ਤੋਂ ਬਾਅਦ 2 ਜੂਨ ਨੂੰ ਗੋਲੀਬਾਰੀ ਨਹੀਂ ਕੀਤੀ ਗਈ। ਭਾਰਤੀ ਫੌਜ ਅਤੇ ਸੀਆਰਪੀਐੱਫ਼ ਨੇ ਪੂਰੇ ਪੰਜਾਬ ਦੀ ਘੇਰਾਬੰਦੀ ਕਰ ਲਈ ਸੀ। ਫੌਜ ਦੀਆਂ 7 ਡਿਵੀਜ਼ਨਾਂ ਪੰਜਾਬ ਦੇ ਪਿੰਡਾਂ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਸਖ਼ਤ ਕਰਫਿਊ ਲਾ ਕੇ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ। ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਦਾ ਦੇਸ਼ ਤੇ ਦੁਨੀਆ ਨਾਲੋਂ ਰਾਬਤਾ ਕੱਟ ਦਿੱਤਾ ਗਿਆ ਸੀ। ਪ੍ਰੈਸ ‘ਤੇ ਰੋਕ ਲਾ ਦਿੱਤੀ ਗਈ ਸੀ।

2 ਜੂਨ, 1984 ਰਾਤ : ਤਤਕਾਲੀ ਪ੍ਰਧਾਨ ਮੰਤਰੀ ਦਾ ਭਾਸ਼ਣ

2 ਜੂਨ ਨੂੰ ਰਾਤ 8.30 ਵਜੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਅਤੇ ਅਕਾਸ਼ਵਾਣੀ ‘ਤੇ ਕਰੀਬ 40 ਮਿੰਟ ਦਾ ਭਾਸ਼ਣ ਦਿੱਤਾ, ਜਿਹੜਾ ਪ੍ਰਧਾਨ ਮੰਤਰੀ ਦੀ ਕਰਨੀ ਤੋਂ ਬਿਲਕੁਲ ਉਲਟ ਸੀ। ਭਾਸ਼ਣ ਵਿਚ ਇੰਦਰਾ ਗਾਂਧੀ ਦੇ ਆਖਰੀ ਬੋਲ ਸਨ, “ਖ਼ੂਨ ਨਾ ਵਹਾਓ, ਨਫ਼ਰਤ ਤਿਆਗੋ।”