ਪਉੜੀ ॥
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥

 ਮਹਲਾ ੩ : ਗੁਰੂ ਅਮਰਦਾਸ ਜੀ
 ਰਾਗ ਗੂਜਰੀ  ਅੰਗ ੫੧੫ (515)

ਜੇ ਪਰਮਾਤਮਾ ਦੀ ਰਜ਼ਾ ਹੋਵੇ ਤਾਂ ਮਨੁੱਖ ਨੂੰ ਗੁਰੂ ਮਿਲਦਾ ਹੈ ਤੇ ਉਸ ਵਾਸਤੇ ਸਿਮਰਨ ਤੇ ਭਗਤੀ ਦੀ ਜੁਗਤਿ ਬਣਦੀ ਹੈ । ਉਹ ਮਨ ਵਿਚ ਆ ਕੇ ਵੱਸਦਾ ਹੈ ਤਾਂ ਅਡੋਲ ਅਵਸਥਾ ਵਿਚ ਮਨ ਟਿਕਾ ਕੇ ਨਾਮ-ਰਸ ਪੀਵੀਦਾ ਹੈ।

ਜਦੋਂ ਅੰਤਰ-ਆਤਮਾ ਨੂੰ ਸੁਖ ਮਿਲਦਾ ਹੈ ਤਾਂ ਜੀਵ ਰੂਪੀ ਵਪਾਰੀ ਨੂੰ ਸਦਾ ਨਾਮ ਵਾਲਾ ਨਫ਼ਾ (ਲਾਭ) ਮਿਲਦਾ ਹੈ । ਉਸਨੂੰ ਸਿੰਘਾਸਣ ਉੱਤੇ ਬਿਠਾਇਆ ਜਾਂਦਾ ਹੈ, ਅਤੇ ਸਦਾ ਹੀ ਨਿੱਜ ਦੇ ਗ੍ਰਿਹ (ਮਨ) ਅੰਦਰ ਉੱਚੀ ਆਤਮਿਕ ਅਵਸਥਾ ਵਿਚ ਵੱਸਦਾ ਹੈ।

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਦੇ ਹਨ ।


2 ਜੁਲਾਈ, 1606 : ਸਥਾਪਨਾ ਦਿਹਾੜਾ – ਅਕਾਲ ਬੁੰਗਾ (ਅਕਾਲ-ਤਖ਼ਤ)

ਮੀਰੀ-ਪੀਰੀ ਦੇ ਪ੍ਰਤੀਕ ਅਕਾਲ ਬੁੰਗੇ ਦੀ ਸਥਾਪਨਾ

2 ਜੁਲਾਈ, 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਠੀਕ ਸਾਹਮਣੇ ਇੱਕ ਬੁੰਗਾ ਆਪਣੇ ਹੱਥੀਂ ਨੀਂਹ ਰੱਖ ਕੇ, ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ। ਮੀਰੀ-ਪੀਰੀ (ਭਗਤੀ ਤੇ ਸ਼ਕਤੀ) ਦੇ ਪ੍ਰਤੀਕ ਦੇ ਤੌਰ ਤੇ ਇਸ ਅਸਥਾਨ ਦਾ ਨਿਰਮਾਣ ਕਰਵਾਇਆ। ਇਸ ਅਸਥਾਨ ਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ।

ਇਥੋਂ ਸੰਗਤਾਂ ਲਈ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ।

1635 ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਚਲੇ ਜਾਣ ਉਪਰੰਤ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਦੇ ਹੱਥ ਵਿੱਚ ਚਲਾ ਗਿਆ।

17ਵੀਂ ਅਤੇ 18ਵੀਂ ਸਦੀ ਦੇ ਜ਼ਾਲਿਮ ਸ਼ਾਸਕਾਂ ਦੇ ਜ਼ੁਲਮ ਅਤੇ ਬੇਰਹਿਮੀ ਦੇ ਖਿਲਾਫ ਰਾਜਨੀਤਕ ਅਤੇ ਸੈਨਿਕ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਅਕਾਲ ਤਖ਼ਤ ਨੂੰ ਜਾਣਿਆ ਗਿਆ। 18ਵੀਂ ਸਦੀ ਵਿੱਚ, ਅਹਮਦ ਸ਼ਾਹ ਅਬਦਾਲੀ ਅਤੇ ਮੱਸੇ-ਰੰਘੜ ਨੇ ਅਕਾਲ ਤਖ਼ਤ ਉੱਤੇ ਹਮਲਿਆਂ ਦੀ ਅਗਵਾਈ ਕੀਤੀ।