ਮਃ ੩ ॥

ਹਰਿ ਗੁਰਮੁਖਿ ਤਿਨ੍ਹੀ ਅਰਾਧਿਆ ਜਿਨ੍ਹ ਕਰਮਿ ਪਰਾਪਤਿ ਹੋਇ ॥
ਨਾਨਕ ਹਉ ਬਲਿਹਾਰੀ ਤਿਨ੍ਹ ਕਉ ਜਿਨ੍ਹ ਹਰਿ ਮਨਿ ਵਸਿਆ ਸੋਇ ॥੨॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਸਾਰੰਗ  ਅੰਗ ੧੨੪੮ (1248)

ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਮਨੁੱਖਾਂ ਨੇ ਸੱਚੇ ਮਾਲਕ ਨੂੰ ਸਿਮਰਿਆ ਹੈ ਜਿਨ੍ਹਾਂ ਦੇ ਭਾਗਾਂ ਵਿਚ ਉਸ ਦੀ ਮਿਹਰ ਨਾਲ ‘ਸਿਮਰਨ’ ਲਿਖਿਆ ਹੋਇਆ ਹੈ । ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ ਕਿ ਮੈਂ ਆਪ ਹੀ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਦੇ ਮਨ ਵਿਚ ਉਹ ਮਾਲਕ ਵੱਸਦਾ ਹੈ ।


2 ਜਨਵਰੀ, 1741 : ਭਾਈ ਸੁੱਖਾ ਸਿੰਘ, ਭਾਈ ਮਹਤਾਬ ਸਿੰਘ ਨੇ ਦਰਬਾਰ ਸਾਹਿਬ ਵਿੱਚ ਮੱਸੇ ਰੰਘੜ ਦਾ ਸਿਰ ਵੱਢਿਆ

1741 ਵਿਚ ਮੱੱਸਾ ਰੰਘੜ ਨੂੰ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ। ਉਸਨੇ ਦਰਬਾਰ ਸਾਹਿਬ ਉੱੱਤੇ ਕਬਜ਼ਾ ਕਰ ਲਿਆ। ਉਹ ਉੱਥੇ ਵੇਸਵਾ ਦਾ ਨਾਚ ਦੇਖਦਾ, ਸ਼ਰਾਬ ਅਤੇ ਤੰਬਾਕੂ ਪੀਦਾਂ ਸੀ।

ਅੰਮ੍ਰਿਤਸਰ ਦੇ ਭਾਈ ਬਲਾਕਾ ਸਿੰਘ ਨੇ ਇਹ ਖਬਰ ਰਾਜਸਥਾਨ ਦੇ ਬੀਕਾਨੇਰ (ਹੁਣ ਬੁੱਢਾ ਜੌਹੜ) ਪਹੁੰਚ ਕੇ ਸਿੱਖਾਂ ਨੂੰ ਸੁਣਾਈ। ਸਿੱਖ ਆਗੂ ਸ੍ਰ. ਸ਼ਾਮ ਸਿੰਘ ਨੇ ਸਿੱਖਾਂ ਨੂੰ ਲਲਕਾਰਿਆ ਤਾਂ ਭਾਈ ਮਹਿਤਾਬ ਸਿੰਘ (ਮੀਰਾਂਕੋਟ) ਅਤੇ ਭਾਈ ਸੁੱਖਾ ਸਿੰਘ (ਮਾੜੀ ਕੰਬੋ-ਕੀ) ਨੇ ਪਠਾਣੀ ਭੇਸ ਧਾਰ ਲਏ ਅਤੇ ਠੀਕਰੀਆਂ ਨਾਲ ਬੋਰੀਆਂ ਭਰ ਕੇ ਘੋੜਿਆਂ ਉਤੇ ਬੰਨ੍ਹ ਕੇ ਅੰਮ੍ਰਿਤਸਰ ਵੱਲ ਤੁਰ ਪਏ ।

2 ਜਨਵਰੀ, 1741 ਵਾਲੇ ਦਿਨ ਦਰਬਾਰ ਸਾਹਿਬ ਪਹੁੰਚ ਕੇ ਉਨ੍ਹਾਂ ਨੇ ਆਪਣੇ ਘੋੜੇ ਬਾਹਰ ਬੇਰੀ ਨਾਲ ਬੰਨ੍ਹ ਦਿੱਤੇ ਤੇ ਸਿਪਾਹੀਆਂ ਨੂੰ ਠੀਕਰੀਆਂ ਖੜਕਾ ਕੇ ਮਾਮਲਾ ਤਾਰਨ ਲਈ ਮੱਸੇ ਕੋਲ ਜਾਣ ਲਈ ਕਿਹਾ। ਜਦੋਂ ਦੋਨੋਂ ਅੰਦਰ ਪਹੁੰਚੇ ਤਾਂ ਮੱਸੇ ਕੋਲ ਜਾ ਕੇ ਉਨ੍ਹਾਂ ਦੇਖਿਆ ਕਿ ਉਹ ਹੁੱਕਾ ਪੀ ਰਿਹਾ ਸੀ, ਕੋਲ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ, ਨਚਾਰਾਂ ਨੱਚ ਰਹੀਆਂ ਸਨ।

ਸੁੱਖਾ ਸਿੰਘ ਨੇ ਸਿਪਾਹੀਆਂ ਨੂੰ ਗੱਲੀ ਬਾਤੀਂ ਲਾਇਆ ਤੇ ਮਹਿਤਾਬ ਸਿੰਘ ਨੇ ਠੀਕਰੀਆਂ ਉੱਥੇ ਢੇਰੀ ਕਰ ਦਿੱਤੀਆਂ ਤੇ ਮੱਸੇ ਦਾ ਸਿਰ ਕਲਮ ਕਰਕੇ ਝੋਲੇ ਵਿਚ ਪਾ ਲਿਆ। ਤੁਰੰਤ ਦੋਨੋਂ ਬਾਹਰ ਨਿਕਲ ਕੇ ਘੋੜੇ ਉਤੇ ਸਵਾਰ ਹੋ ਕੇ ਖਿਸਕ ਗਏ। ਅਗਲੇ ਦਿਨ ਦੋਨੋਂ ਸਿੰਘ ਬੀਕਾਨੇਰ (ਬੁੱਢਾ ਜੌਹੜ) ਪਹੁੰਚੇ ਅਤੇ ਮੱਸੇ ਰੰਘੜ ਦਾ ਸਿਰ ਖਾਲਸਾ ਪੰਥ ਦੇ ਚਰਨਾਂ ਵਿੱਚ ਜਾ ਸੁੱਟਿਆ।