ਸਲੋਕ ਮਹਲਾ ੫ ॥

ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥
ਜਿਸੁ ਗੁਰੁ ਭੇਟੈ ਨਾਨਕਾ ਤਿਸੁ ਮਨਿ ਵਸਿਆ ਸੋਇ ॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਸਲੋਕ  ਅੰਗ ੫੪੯

ਇਹ ਸਾਰਾ ਸੰਸਾਰ ਮਾਇਆ ਦੇ ਲਾਲਚ ਨਾਲ ਲਿੱਬੜਿਆ ਹੋਇਆ ਸਦਾ ਭਟਕਦਾ ਫਿਰਦਾ ਹੈ । ਕੋਈ ਭੀ ਬੰਦਾ ਆਪਣੇ ਅਸਲੀ ਭਲੇ ਦਾ ਕੰਮ ਨਹੀਂ ਕਰਦਾ ।

ਪਰ ਗੁਰੂ ਸਾਹਿਬ ਅਨੁਸਾਰ ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ ਉਸ ਦੇ ਮਨ ਵਿਚ ਹੀ ਉਹ ਸੱਚਾ-ਗਿਆਨ ਵੱਸ ਪੈਂਦਾ ਹੈ ।


02 ਦਸੰਬਰ, 1935 : ਅੰਗਰੇਜ਼ੀ ਸਰਕਾਰ ਨੇ ਲਾਹੌਰ ਵਿਚ ਕਿਰਪਾਨ ਤੇ ਪਾਬੰਦੀ ਲਾਈ

ਲਾਹੌਰ ਵਿਚ 1 ਦਸੰਬਰ, 1935 ਨੂੰ ਗੁਰਦੁਆਰਾ ਚੁਮਾਲਾ ਸਾਹਿਬ ਅਤੇ ਹੋਰ ਕਈ ਥਾਵਾਂ ਤੇ ਕੁੱਝ ਸ਼ਰਾਰਤੀ ਅਨਸਰਾਂ ਦੁਆਰਾ ਹਮਲਾ ਕੀਤਾ ਅਤੇ ਉਨ੍ਹਾ ਦਾ ਉਥੋਂ ਦੇ ਸਿੱਖਾਂ ਨਾਲ ਝਗੜਾ ਹੋਇਆ। ਅੰਗਰੇਜ਼ੀ ਸਰਕਾਰ ਨੇ 2 ਦਸੰਬਰ, 1935 ਨੂੰ ਆਰਮਡ ਐਕਟ (1878) ਅਧੀਨ ਹਥਿਆਰਾਂ ਤੇ ਪਾਬੰਦੀ ਲਗਾ ਦਿੱਤੀ ਤੇ ਸਿੱਖਾਂ ਕੋਲੋਂ ਕਿਰਪਾਨਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ।

ਸਿੱਖਾਂ ਨੇ 1 ਜਨਵਰੀ, 1936 ਤੋਂ ਕਿਰਪਾਨ ਦੀ ਆਜ਼ਾਦੀ ਲਈ ਮੋਰਚਾ ਲਾ ਦਿੱਤਾ। ਹਰ ਰੋਜ਼ ਗੁਰਦੁਆਰਾ ਡੇਹਰਾ ਸਾਹਿਬ ਤੋਂ ਸਿੱਖਾਂ ਦਾ ਜੱਥਾ ਗਾਤਰੇ ਤੇ ਵੱਡੀਆਂ ਕਿਰਪਾਨਾਂ ਪਾ ਕੇ ਜਾਂਦਾ ਤੇ ਗ੍ਰਿਫ਼ਤਾਰੀ ਦਿੰਦਾ। ਇਸ ਮੋਰਚੇ ਵਿਚ ਬਹੁਤ ਸਿੰਘ-ਸਿੰਘਣੀਆਂ ਨੇ ਹਿੱਸਾ ਲਿਆ । ਅਖੀਰ ਸਿੱਖਾਂ ਦੇ ਜਜ਼ਬੇ ਦੇ ਅੱਗੇ ਝੁਕਦਿਆਂ 31 ਜਨਵਰੀ, 1936 ਨੂੰ ਕਿਰਪਾਨ ਤੇ ਲੱਗੀ ਪਾਬੰਦੀ ਹਟਾ ਦਿੱਤੀ ।