ਮਾਝ ਮਹਲਾ ੪ ॥

ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥

 ਮਹਲਾ ੪ : ਗੁਰੂ ਰਾਮਦਾਸ ਜੀ
 ਰਾਗ ਮਾਝ, ਚਉਪਦੇ  ਅੰਗ ੯੬ (96)

ਓ ਪਿਆਰੀ ਸਤਸੰਗੀ ਭੈਣੋ! ਤੁਸੀ ਆਵੋ ਤੇ ਮੇਰੇ ਸੰਗ ਰਲ ਕੇ ਬੈਠੋ। ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਏ – ਉਸ ਤੋਂ ਮੈਂ ਸਦਕੇ ਜਾਵਾਂ।

ਆਪਣੇ ਗੁਰੂ ਦੀ ਸਤਸੰਗਤਿ ਦੇ ਰਾਹੀਂ ਮੈਂ ਸੱਚਾ ਸੱਜਣ ਰੱਬ ਲੱਭਾ ਹੈ। ਹੁਣ ਮੈਂ ਬਾਣੀ ਰੂਪ ਸਤਿਗੁਰੂ ਤੋਂ ਕੁਰਬਾਨ ਹੋ ਜਾਣਾ ਹੈ, ਅਰਥਾਤ – ਮਨ ਦੀ ਮਤਿ ਤਿਆਗ ਕੇ ਗੁਰਮਤਿ ਧਾਰਨ ਕਰ ਲੈਣੀ ਹੈ।


2 ਅਪ੍ਰੈਲ, 1464 : ਜਨਮ ਭੈਣ ਬੇਬੇ ਨਾਨਕੀ ਜੀ

ਬੇਬੇ ਨਾਨਕੀ ਜੀ (ਗੁੁਰੂ) ਨਾਨਕ ਜੀ ਦੇ ਵੱਡੇ ਭੈਣ ਸਨ, ਤੇ ਉਹਨਾਂ ਤੋਂ ਤਕਰੀਬਨ ਪੰਜ ਸਾਲ ਵੱਡੇ ਸਨ। ਪੰਜਾਬੀ ਭਾਸਾ ਵਿੱਚ ਵੱਡੀ ਭੈਣ ਨੂੰ ਬੇਬੇ ਨਾਮ ਨਾਲ ਸਤਿਕਾਰਿਆ ਜਾਦਾ ਹੈ।

ਬੇਬੇ ਨਾਨਕੀ ਜੀ ਦਾ ਜਨਮ 2 ਅਪ੍ਰੈਲ, 1464 ਵਿਚ ਨਾਨਕੇ ਪਿੰਡ ਚਾਹਲ (ਪਾਕਿਸਤਾਨ) ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁਖੋੰ ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ। ਨਾਨਕੇ ਘਰ ਜਨਮ ਹੋਣ ਕਰਕੇ ਪਿਆਰ ਨਾਲ ਆਪ ਜੀ ਦਾ ਨਾਮ ‘ਨਾਨਕੀਆ’ ਰੱਖਿਆ, ਜੋ ਬਾਦ ਵਿਚ ‘ਨਾਨਕੀ’ ਹੋ ਗਿਆ।

ਬੇਬੇ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਦੇ ਮਾਲ ਅਫਸਰ ਭਾਈ ਜੈਰਾਮ ਜੀ ਨਾਲ ਹੋਈ। ਬੇਬੇ ਨਾਨਕੀ ਜੀ ਨੇ ਆਪਣੇ ਪਤੀ ਭਾਈ ਜੈ ਰਾਮ ਜੀ ਨੂੰ, ਨਾਨਕ ਜੀ ਲਈ ਕੋਈ ਨੋਕਰੀ ਲਭਣ ਲਈ ਕਿਹਾ, ਤਾਂ 1485 ਵਿਚ ਉਹਨਾਂ ਨੇ ਨਾਨਕ ਜੀ ਨੂੰ ਨਵਾਬ ਸੁਲਤਾਨਪੁਰ ਦੇ ਮੋਦੀਖਾਨੇ ਵਿਚ ਸਟੋਰ-ਕੀਪਰ ਦੀ ਨੋਕਰੀ ਤੇ ਲਵਾਇਆ।

ਬੇਬੇ ਨਾਨਕੀ ਜੀ ਨੇ ਆਪਣੇ ਭਰਾ ਵਿੱਚ ਰੱਬੀ ਗੁਣ ਬਚਪਨ ਤੋਂ ਹੀ ਪਛਾਣ ਲਏ ਸਨ। ਭੈਣ ਨਾਨਕੀ ਜੀ ਨੇ ਹੀ ਗੁਰੂ ਨਾਨਕ ਜੀ ਨੂੰ ਬਾਣੀ ਰਾਗਾਂ ਵਿਚ ਉਚਾਰਨ ਕਰਨ ਦਾ ਸੁਝਾਅ ਦਿੱਤਾ। ਜਦੋਂ ਗੁਰੂ ਨਾਨਕ ਜੀ ਨੇ ਆਪਣੇ ਮਿੱਤਰ ਭਾਈ ਮਰਦਾਨੇ ਨੂੰ ਨਾਲ ਲੈ ਕੇ ਪ੍ਰਚਾਰ ਯਾਤਰਾ ਦਾ ਮਨ ਬਣਾਇਆ ਤਾਂ ਬੇਬੇ ਨਾਨਕੀ ਜੀ ਨੇ ਭਾਈ ਮਰਦਾਨਾ ਜੀ ਨੂੰ ਨਵੀਂ ਰਬਾਬ ਭੇਂਟ ਦਿੱਤੀ।