ਸੂਹੀ ਮਹਲਾ ੫ ॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਸੂਹੀ ਅੰਗ ੭੮੩ (783)
ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ ਸੰਤ ਸੁਭਾਅ ਵਾਲੇ ਗੁਰਸਿਖਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਉਨ੍ਹਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ ।
ਉਸਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਗੁਰੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ ਧਰਤੀ ਰੂਪੀ ਕਾਇਆ ਸੋਹਣੀ ਬਣ ਜਾਂਦੀ ਹੈ, ਉਸ ਦਾ ਤਲਾਬ ਰੂਪੀ ਹਿਰਦਾ ਸੋਹਣਾ ਹੋ ਜਾਂਦਾ ਹੈ ।
ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ ਸਾਰਾ ਉੱਦਮ ਸੱਚਾ ਮਾਲਕ ਆਪ ਹੀ ਸਿਰੇ ਚਾੜ੍ਹ ਦੇਂਦਾ ਹੈ, ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ । ਉਸ ਮਨੁੱਖ ਦੀ ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, ਉਸ ਦੇ ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ ।
ਉਸ ਸਰਬ-ਵਿਆਪਕ ਅਤੇ ਕਦੇ ਨਾਸ ਨ ਹੋਣ ਵਾਲੇ ਮਾਲਕ ਦੀ ਇਹੀ ਸਿਫ਼ਤਿ ਪੁਰਾਤਨ ਧਰਮ-ਪੁਸਤਕਾਂ ਨੇ ਵੀ ਕੀਤੀ ਹੈ । ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ।
01 ਸਤੰਬਰ, 1604 : ਪਹਿਲਾ ਪ੍ਰਕਾਸ਼ ਦਿਹਾੜਾ – ਆਦਿ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਹਿਲਾ ਪ੍ਰਕਾਸ਼
ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਅਤੇ ਸੰਪਾਦਨ ਦਾ ਇਤਿਹਾਸ ਬਹੁਤ ਨਿਆਰਾ ਹੈ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਰਚੀ ਗਈ ਬਾਣੀ ਸਾਂਝੇ ਰੂਪ ਵਿੱਚ ਸੁਭਾਇਮਾਨ ਹੈ। 1430 ਅੰਗਾਂ (ਪੰਨਿਆਂ) ‘ਤੇ ਰਚੀ ਹੋਈ ਰਾਗਮਈ ਅਲੌਕਿਕ ਬਾਣੀ ਗੁਰਮਤਿ ਗਿਆਨ ਦੇ ਚਾਨਣ ਦੀ ਇਲਾਹੀ ਮੌਜੂਦਗੀ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ, 11 ਭੱਟਾਂ, 15 ਭਗਤਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਸਿਰਫ਼ ਇੱਕ ਧਰਮ ਗ੍ਰੰਥ ਨਹੀਂ ਹੈ ਬਲਕਿ ਜਾਗਤ-ਜੋਤ ਗਿਆਨ ਗੁਰੂ ਹਨ।
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਵੱਲੋਂ 1599 ਵਿੱਚ ਆਰੰਭਿਆ ਗਿਆ। ਸੰਪਾਦਨਾ ਦੀ ਸੇਵਾ ਅੰਮ੍ਰਿਤਸਰ ਦੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ‘ਤੇ ਕੀਤੀ ਗਈ। ਕਲਮ ਨਾਲ ਹੱਥੀਂ ਲਿਖਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੋਇਆ।
30 ਅਗਸਤ, 1604 ਨੂੰ ਇਸ ਕਾਰਜ ਦੀ ਸੰਪੂਰਨਤਾ ਹੋਈ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ 1 ਸਤੰਬਰ, 1604 ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਕੀਤਾ ਗਿਆ। ਉਸ ਵੇਲੇ 95 ਸਾਲ ਦੇ ਬਜ਼ੁਰਗ ਬਾਬਾ ਬੁੱਢਾ ਜੀ ਨੂੰ ਆਦਿ ਗ੍ਰੰਥ ਸਾਹਿਬ ਦਾ ਪਹਿਲੇ ਗ੍ਰੰਥੀ ਥਾਪਿਆ ਗਿਆ। ਜਦੋਂ ਪ੍ਰਕਾਸ਼ ਕੀਤਾ ਗਿਆ ਤਾਂ ਸਭ ਤੋਂ ਪਹਿਲਾ ਹੁਕਮਨਾਮਾ ਆਇਆ:
ਸੂਹੀ ਮਹਲਾ ੫ ॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥