ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥ਹਰਿ ਕੇ ਨਾਮ ਕੇ ਬਿਆਪਾਰੀ ॥ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥ २॥ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ।।ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥
ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥४॥२॥
ਭਗਤ ਕਬੀਰ ਜੀ
ਅੰਗ : ੧੧੨੩
ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੁੱਟ ਭਰ ਲਈ ਹੈ।
ਕਬੀਰ ਜੀ ਆਖਦੇ ਹੂ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥२॥
1 ਸਤੰਬਰ 1604: ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼
1 ਸਤੰਬਰ 1604 ਦਾ ਦਿਨ ਸਿੱਖ ਇਤਿਹਾਸ ਅੰਦਰ ਇੱਕ ਅਤਿਅੰਤ ਪਵਿੱਤਰ, ਇਤਿਹਾਸਕ ਅਤੇ ਰੂਹਾਨੀ ਦਿਹਾੜੇ ਵਜੋਂ ਦਰਜ ਹੈ। ਇਸ ਪਾਵਨ ਦਿਨ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਰਾਮਸਰ ਸਾਹਿਬ ਵਿਖੇ ਸੰਪੂਰਨ ਹੋਈ ਪਾਵਨ ਬੀੜ ‘ਸ਼੍ਰੀ ਆਦਿ ਗ੍ਰੰਥ ਸਾਹਿਬ ਜੀ’ ਦਾ ਪਹਿਲੀ ਵਾਰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਅਤਿਅੰਤ ਸਤਿਕਾਰ ਨਾਲ ਪ੍ਰਕਾਸ਼ ਕੀਤਾ ਸੀ।
ਇਸ ਮਹਾਨ ਇਤਿਹਾਸਕ ਕਾਰਜ ਲਈ ਗੁਰੂ ਅਰਜਨ ਦੇਵ ਜੀ ਨੇ ਆਪ ਬਾਬਾ ਬੁੱਢਾ ਜੀ ਨੂੰ ਪਹਿਲੇ ਮੁੱਖ ਗ੍ਰੰਥੀ ਨਿਯੁਕਤ ਕੀਤਾ। ਰਾਮਸਰ ਸਾਹਿਬ ਤੋਂ ਪਾਵਨ ਸਰੂਪ ਨੂੰ ਅਤਿਅੰਤ ਸ਼ਰਧਾ, ਢੋਲਕੀਆਂ, ਛੈਣਿਆਂ ਅਤੇ “ਸਤਿਨਾਮ ਵਾਹਿਗੁਰੂ” ਦੇ ਇਲਾਹੀ ਜਾਪ ਨਾਲ ਸ਼੍ਰੀ ਹਰਿਮੰਦਰ ਸਾਹਿਬ ਲਿਆਂਦਾ ਗਿਆ। ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਅਥਾਹ ਸਤਿਕਾਰ ਵਿੱਚ ਆਪ ਨਿਮਰਤਾ ਨਾਲ ਸੰਗਤ ਦੇ ਨਾਲ ਚੱਲਦਿਆਂ ਚੌਰ ਸਾਹਿਬ ਦੀ ਸੇਵਾ ਨਿਭਾਈ।
ਬਾਬਾ ਬੁੱਢਾ ਜੀ ਨੇ ਪਾਵਨ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਲਿਆ:
“ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥“
ਇਸ ਦਿਨ ਤੋਂ ਸਿੱਖ ਧਰਮ ਵਿੱਚ ‘ਸ਼ਬਦ-ਗੁਰੂ’ ਦੀ ਪਰੰਪਰਾ ਦ੍ਰਿੜ੍ਹ ਹੋਈ। ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਇਹ ਪਾਵਨ ਬਾਣੀ ਪਰਮਾਤਮਾ ਦਾ ਆਪਣਾ ਰੂਪ ਹੈ
(“ਬਾਣੀ ਗੁਰੂ ਗੁਰੂ ਹੈ ਬਾਣੀ”)
ਅਤੇ ਸਿੱਖਾਂ ਦਾ ਸੱਚਾ ਗੁਰੂ ਦੇਹ ਨਹੀਂ, ਸਗੋਂ ਇਹ ਇਲਾਹੀ ‘ਸ਼ਬਦ’ ਹੈ।
ਸ਼੍ਰੀ ਆਦਿ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਹਰਿਮੰਦਰ ਸਾਹਿਬ ਅੰਦਰ ਪਹਿਲੇ ਪ੍ਰਕਾਸ਼ ਤੋਂ ਬਾਅਦ ਸਿੱਖ ਪੰਥ ਦੀ ਰੂਹਾਨੀ ਅਤੇ ਸਮਾਜਿਕ ਦਿਸ਼ਾ ਅੰਦਰ ਇੱਕ ਬਹੁਤ ਵੱਡਾ ਇਨਕਲਾਬੀ ਮੋੜ ਆਇਆ। ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਗ੍ਰੰਥ ਵਿੱਚ ਕੇਵਲ ਗੁਰੂ ਸਾਹਿਬਾਨ ਦੀ ਹੀ ਬਾਣੀ ਦਰਜ ਨਹੀਂ ਕੀਤੀ, ਸਗੋਂ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਹਿੰਦੂ ਸੰਤਾਂ, ਸੂਫੀ ਫਕੀਰਾਂ, ਭਗਤਾਂ ਅਤੇ ਭੱਟਾਂ ਦੀ ਇਲਾਹੀ ਬਾਣੀ ਨੂੰ ਵੀ ਬਰਾਬਰ ਦਾ ਇਲਾਹੀ ਦਰਜਾ ਦਿੱਤਾ। ਇਸ ਮਹਾਨ ਕਾਰਜ ਨੇ ਸਮਾਜ ਵਿੱਚ ਸਦੀਆਂ ਤੋਂ ਚੱਲੇ ਆ ਰਹੇ ਜਾਤ-ਪਾਤ, ਛੂਤ-ਛਾਤ, ਧਾਰਮਿਕ ਕੱਟੜਤਾ ਅਤੇ ਊਚ-ਨੀਚ ਦੇ ਭੇਦਭਾਵ ਨੂੰ ਪੂਰੀ ਤਰ੍ਹਾਂ ਜੜ੍ਹੋਂ ਉਖਾੜ ਦਿੱਤਾ।
ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਬਣਾਏ ਗਏ ਕਿ ਹਰ ਧਰਮ, ਜਾਤ ਅਤੇ ਖੇਤਰ ਦਾ ਮਨੁੱਖ ਬਿਨਾਂ ਕਿਸੇ ਰੋਕ-ਟੋਕ ਦੇ ਇਸ ਪਾਵਨ ਅਸਥਾਨ ‘ਤੇ ਆ ਕੇ ਈਸ਼ਵਰੀ ਬਾਣੀ ਦਾ ਆਨੰਦ ਮਾਣ ਸਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਪਾਵਨ ਬੀੜ ਦੇ ਸਾਹਮਣੇ ਨਿਮਰਤਾ ਨਾਲ ਜ਼ਮੀਨ ‘ਤੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਕਿ ਗਿਆਨ ਅਤੇ ਸ਼ਬਦ ਹੀ ਸਭ ਤੋਂ ਵੱਡਾ ਗੁਰੂ ਹੈ। ਰਾਤ ਦੇ ਸਮੇਂ ਪਾਵਨ ਸਰੂਪ ਨੂੰ ਕੋਠਾ ਸਾਹਿਬ ਵਿਖੇ ਸੁਖਆਸਨ ਕਰਨ ਦੀ ਮਰਿਆਦਾ ਵੀ ਉਸੇ ਦਿਨ ਤੋਂ ਹੀ ਨਿਯਮਿਤ ਰੂਪ ਵਿੱਚ ਆਰੰਭ ਕੀਤੀ ਗਈ ਸੀ।
ਬਾਬਾ ਬੁੱਢਾ ਜੀ ਨੇ ਪੂਰੀ ਮਰਿਆਦਾ, ਸ਼ਰਧਾ ਅਤੇ ਅਨੁਸ਼ਾਸਨ ਨਾਲ ਗ੍ਰੰਥੀ ਸਿੰਘ ਦੇ ਫਰਜ਼ ਨਿਭਾਉਂਦਿਆਂ ਸੰਗਤਾਂ ਨੂੰ ਗੁਰਬਾਣੀ ਦਾ ਸ਼ੁੱਧ ਉੱਚਾਰਨ ਅਤੇ ਅਰਥ ਸਮਝਾਉਣ ਦੀ ਪਰੰਪਰਾ ਸ਼ੁਰੂ ਕੀਤੀ। ਇਸ ਦਿਹਾੜੇ ਤੋਂ ਅੰਮ੍ਰਿਤਸਰ ਸਾਹਿਬ ਵਿਸ਼ਵ ਭਰ ਦੇ ਸਿੱਖਾਂ ਲਈ ਅਧਿਆਤਮਿਕਤਾ, ਨਾਮ-ਸਿਮਰਨ ਅਤੇ ਸਰਬ-ਸਾਂਝੀਵਾਲਤਾ ਦਾ ਸਭ ਤੋਂ ਵੱਡਾ ਕੇਂਦਰੀ ਧੁਰਾ ਬਣ ਕੇ ਉਭਰਿਆ। 1 ਸਤੰਬਰ 1604 ਦਾ ਇਹ ਇਤਿਹਾਸਕ ਪ੍ਰਸੰਗ ਸਾਨੂੰ ਅੱਜ ਵੀ ਆਪਣੇ ਮਨਾਂ ਵਿੱਚੋਂ ਅਹੰਕਾਰ ਅਤੇ ਵਿਤਕਰੇ ਤਿਆਗ ਕੇ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਸੁਨੇਹਾ ਦਿੰਦਾ ਹੈ।