ਸਲੋਕ ਮਃ ੫ ॥
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥ਮਹਲਾ ੫ : ਗੁਰੂ ਅਰਜਨ ਦੇਵ ਜੀ
ਸਲੋਕ, ਰਾਗ ਆਸਾ ਅੰਗ ੫੧੯ (519)
ਮੈਂ ਆਪਣੇ ਮਨ ਵਿਚ ਇਹ ਸੋਚਦਾ ਹਾਂ ਕਿ ਨਿੱਤ ਸਵੇਰੇ ਉੱਠ ਕੇ ਚੰਗਾ ਉੱਦਮ ਕਰਾਂ । ਹੇ ਮੇਰੇ ਮਿਤ੍ਰ! ਮੈਨੂੰ ਆਪਣੀ ਸਿਫ਼ਤਿ-ਸਾਲਾਹ ਦਾ ਆਹਰ ਬਖ਼ਸ਼ ।
01 ਮਈ : ਭਾਈ ਲਾਲੋ ਦਿਵਸ – ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ
ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ।
ਇਸ ਦਿਹਾੜੇ ਦਾ ਉਦੇਸ਼
ਕਿਸੇ ਵੀ ਸਮਾਜ, ਦੇਸ਼, ਸੰਸਥਾ ਅਤੇ ਉਦਯੋਗ ਵਿੱਚ ਮਜ਼ਦੂਰਾਂ, ਕਾਮਿਆਂ ਅਤੇ ਮਿਹਨਤਕਸ਼ਾਂ ਦਾ ਅਹਿਮ ਰੋਲ ਹੁੰਦਾ ਹੈ। ਉਹਨਾਂ ਦੀ ਵੱਡੀ ਗਿਣਤੀ ਇਸ ਦੀ ਕਾਮਯਾਬੀ ਲਈ ਹੱਥੀਂ, ਅਕਲ-ਇਲਮ ਅਤੇ ਤਨਦੇਹੀ ਨਾਲ ਜੁਟੀ ਹੁੰਦੀ ਹੈ। ਕਿਸੇ ਵੀ ਉਦਯੋਗ ਵਿੱਚ ਕਾਮਯਾਬੀ ਲਈ ਮਾਲਕ, ਸਰਮਾਇਆ, ਕਾਮੇ ਅਤੇ ਸਰਕਾਰ ਅਹਿਮ ਧਿਰਾਂ ਹੁੰਦੀਆਂ ਹਨ। ਕਾਮਿਆਂ ਤੋਂ ਬਿਨਾਂ ਕੋਈ ਵੀ ਸਨਅਤੀ ਢਾਂਚਾ ਖੜਾ ਨਹੀਂ ਰਹਿ ਸਕਦਾ।
ਕਿਸੇ ਦੇਸ਼ ਦੀ ਤਰੱਕੀ ਉਸ ਦੇਸ਼ ਦੇ ਕਾਮਿਆਂ ਅਤੇ ਕਿਸਾਨਾਂ ਉੱਤੇ ਨਿਰਭਰ ਕਰਦੀ ਹੈ। ਉਦਯੋਗਪਤੀ, ਮਾਲਕ ਜਾਂ ਪ੍ਰਬੰਧਕ ਸਮਝਣ ਦੀ ਬਜਾਏ ਆਪਣੇ-ਆਪ ਨੂੰ ਟਰੱਸਟੀ ਸਮਝਣ। ਲੋਕਰਾਜੀ ਢਾਂਚੇ ਵਿੱਚ ਤਾਂ ਸਰਕਾਰ ਵੀ ਲੋਕਾਂ ਵੱਲੋਂ ਚੁਣੀ ਜਾਂਦੀ ਹੈ ਜੋ ਸਿਆਸੀ ਲੋਕਾਂ ਨੂੰ ਆਪਣੇ ਦੇਸ਼ ਦੀ ਵਾਗਡੋਰ ਟਰੱਸਟੀ ਦੇ ਰੂਪ ਵਿੱਚ ਸੌਂਪਦੇ ਹਨ। ਉਹ ਪ੍ਰਬੰਧ ਚਲਾਉਣ ਲਈ ਮਜ਼ਦੂਰਾਂ, ਕਾਮਿਆਂ ਅਤੇ ਕਿਸਾਨਾਂ ਦੀ ਬਿਹਤਰੀ, ਭਲਾਈ ਤੇ ਵਿਕਾਸ, ਅਮਨ ਅਤੇ ਕਾਨੂੰਨੀ ਵਿਵਸਥਾ ਬਣਾਏ ਰੱਖਣ ਲਈ ਵਚਨਬੱਧ ਹੁੰਦੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੀ ਵੱਡੀ ਗਿਣਤੀ ਦਾ ਰਾਜ ਪ੍ਰਬੰਧ ਵਿੱਚ ਬੜਾ ਯੋਗਦਾਨ ਹੈ।
ਭਾਈ ਲਾਲੋ ਦਿਵਸ : ਗੁਰੂ ਨਾਨਕ ਦੇ ਸੱਚੇ ਸਿੱਖ ਭਾਈ ਲਾਲੋ ਨੂੰ ਸਮਰਪਿਤ
ਭਾਰਤੀ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ’ਚ ਆਵਾਜ਼ ਉਠਾਈ ਸੀ ਅਤੇ ਉਸ ਸਮੇਂ ਦੇ ਹੰਕਾਰੀ ਅਤੇ ਲੁਟੇਰੇ ਹਾਕਮ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਉਸ ਦਾ ਹੰਕਾਰ ਤੋੜਿਆ ਅਤੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ।
ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਅਤੇ ਦਸਵੰਧ ਕੱਢਣਾ’ ਦਾ ਸੰਦੇਸ਼ ਦਿੱਤਾ। ਗ਼ਰੀਬ ਮਜ਼ਦੂਰ ਅਤੇ ਕਾਮੇ ਦਾ ਹਲੀਮੀ ਰਾਜ ਸਥਾਪਿਤ ਕਰਨ ਲਈ ਮਨਮੁਖ ਤੋਂ ਗੁਰਮੁਖ ਤਕ ਦੀ ਯਾਤਰਾ ਕਰਨ ਦਾ ਰਾਹ ਦਿਖਾਇਆ। ਇਸੇ ਕਰ ਕੇ 1 ਮਈ ਨੂੰ ‘ਭਾਈ ਲਾਲੋ ਦਿਵਸ’ ਵਜੋਂ ਵੀ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ।