ਮਃ ੫ ॥
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
ਵਿਰਲੇ ਕੇਈ ਪਾਈਅਨਿ੍ਹ ਜਿਨ੍ਹਾ ਪਿਆਰੇ ਨੇਹ ॥ਮਹਲਾ ੫ : ਗੁਰੂ ਅਰਜਨ ਦੇਵ ਜੀ
ਰਾਗ ਰਾਮਕਲੀ ਅੰਗ ੯੬੬
ਹੇ ਫਰੀਦ! ਉਹਨਾਂ ਬੰਦਿਆਂ ਦੀ ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣਾ ਹੈ, ਭਾਵ ਰੋਗ-ਰਹਿਤ ਹੈ, ਜਿਨ੍ਹਾਂ ਦਾ ਪਿਆਰ ਆਪਣੇ ਪਿਆਰੇ ਨਾਲ ਹੈ, ਪਰ ਅਜੇਹੇ ਲੋਕ ਕੋਈ ਵਿਰਲੇ ਹੀ ਮਿਲਦੇ ਹਨ ।
1 ਮਾਰਚ, 1932 : ਜਨਮ ਪ੍ਰਿੰ. ਸਤਿਬੀਰ ਸਿੰਘ, ਪ੍ਰਸਿੱਧ ਸਿੱਖ ਇਤਿਹਾਸਕਾਰ
ਸਿੱਖ ਇਤਿਹਾਸ ਦੇ ਇਸ ਪ੍ਰਸਿੱਧ ਇਤਿਹਾਸਕਾਰ ਦਾ ਜਨਮ 1 ਮਾਰਚ, 1932 ਨੂੰ ਜਿਹਲਮ (ਪਾਕਿਸਤਾਨ) ਵਿਖੇ ਭਾਈ ਹਰਨਾਮ ਸਿੰਘ ਅਤੇ ਮਾਤਾ ਰਣਜੀਤ ਕੌਰ ਦੇ ਘਰ ਹੋਇਆ। ਮਾਤਾ-ਪਿਤਾ ਦੋਵੇਂ ਹੀ ਧਾਰਮਿਕ ਰੁਚੀਆਂ ਵਾਲੇ ਸਨ। ਉਨ੍ਹਾਂ ਦਾ ਕਾਫ਼ੀ ਪ੍ਰਭਾਵ ਇਹਨਾਂ ਉੱਪਰ ਪਿਆ।
ਸਿੱਖ ਇਤਿਹਾਸ ਵਿਚ ਵਿਸ਼ੇਸ਼ ਰੁਚੀ ਹੋਣ ਕਰਕੇ ਸੋ ਐਮ. ਏ. (ਇਤਿਹਾਸ) ਕੀਤੀ। ਇਸ ਉਪਰੰਤ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਇਤਿਹਾਸ ਦੇ ਲੈਕਚਰਾਰ ਤੇ ਤੌਰ ਤੇ ਨਿਯੁਕਤ ਹੋ ਗਏ।
ਅਮ੍ਰਿਤਸਰ ਦੇ ਕੇਂਦਰੀ ਸਿੱਖ ਅਜਾਇਬਘਰ ਦੀ ਸਥਾਪਨਾ ਵੀ ਇਹਨਾਂ ਦੀ ਸੂਝ-ਬੂਝ ਦੀ ਲਖਾਇਕ ਹੈ।
ਇਹਨਾਂ ਦੀਆਂ ਇਤਿਹਾਸਕ ਪੁਸਤਕਾਂ ਆਮ ਲੇਖਕਾਂ ਦੀਆਂ ਪੁਸਤਕਾਂ ਵਾਂਗ ਖੁਸ਼ਕ ਨਹੀਂ। ਲਿਖਣ ਸਮੇਂ ਇਹ ਆਪਣੇ ਪਾਤਰਾਂ ਨਾਲ ਇਕਮਿਕ ਹੋ ਜਾਂਦੇ ਸੀ ਅਤੇ ਪਾਠਕਾਂ ਨਾਲ ਵੀ ਸਾਂਝ ਪਾ ਲੈਂਦੇ ਸੀ।
ਇਹਨਾਂ ਦੀਆਂ ਪ੍ਰਮੁੱਖ ਪੁਸਤਕਾਂ ਵਿੱਚ – ਸਾਡਾ ਇਤਿਹਾਸ, ਸੌ ਸਵਾਲ, ਬਲਿਓ ਚਿਰਾਗ, ਕੁਦਰਤੀ ਨੂਰ, ਪਰਬਤ ਮੇਰਾਣੁ, ਪੂਰੀ ਹੋਈ ਕਰਾਮਾਤਿ, ਪਰਤਖ ਹਰਿ, ਗੁਰ ਹਾਈ, ਨਿਰਭਉ ਨਿਰਵੈਰੁ, ਅਸ਼ਟਮ ਬਲਬੀਰਾ, ਇਤਿ ਜਿਨਿ ਕਰੀ, ਪੁਰਖੁ ਭਗਵੰਤ, ਪੁਰਾਤਨ ਇਤਿਹਾਸਕ ਜੀਵਨੀਆਂ, ਰੱਛਿਆ ਰਹਿਤ, ਹਿੰਦੁਸਤਾਨ ਦਾ ਬ੍ਰਿਹਤ ਇਤਿਹਾਸ, ਅਠਾਰ੍ਹਵੀਂ ਸਦੀ ਵਿਚ ਬੀਰ ਪਰੰਪਰਾ, ਗਿਆਨ ਕੀ ਆਂਧੀ, ਕੀਨੋ ਬਡੋ ਕਲੂ ਮੈ ਸਾਕਾ, ਗੁਰੂ ਬਾਲ ਗਾਥਾ, ਨਿੱਕੀਆਂ ਜਿੰਦਾਂ ਵੱਡਾ ਸਾਕਾ, ਚਮਕੌਰ ਦੀ ਗੜ੍ਹੀ, ਗੁਰੂ ਅਮਰ ਦਾਸ ਤੇਰੀ ਉਪਮਾ ਤੋਹਿ ਬਨਿ ਆਵੈ, ਸ਼ਹੀਦੀ ਪਰੰਪਰਾ, ਗੁਰੂ ਤੇਗ ਬਹਾਦਰ ਸਿਮਰਤੀ ਗਰੰਥ, ਗੁਰੂ ਅਮਰਦਾਸ ਸਿਮਰਤੀ ਗਰੰਥ, ਗੁਰੂ ਨਾਨਕ ਦੇਵ ਸਿਮਰਤੀ ਗਰੰਥ, ਮਹਾਰਾਜਾ ਰਣਜੀਤ ਸਿੰਘ ਸਿਮਰਤੀ ਗਰੰਥ ਅਤੇ ਜੱਸਾ ਸਿੰਘ ਆਹਲੂਵਾਲੀਆ ਸਿਮਰਤੀ ਗਰੰਥ ਸ਼ਾਮਲ ਹਨ।
ਪ੍ਰਿੰ. ਸਤਿਬੀਰ ਸਿੰਘ ਦਾ ਦੇਹਾਂਤ 18 ਅਗਸਤ, 1994 ਨੂੰ ਹੋਇਆ।