ਮਃ ੧ ॥

ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥
ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥
ਮਝ ਭਰਿ ਦੁਖ ਬਦੁਖ ॥
ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਮਾਰੂ  ਅੰਗ ੧੦੯੧ (1091)

ਇਹ ਸੰਸਾਰ ਮਾਨੋ ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਥਾਉ ਕਿਸ ਨੇ ਲੱਭੀ ਹੈ? ਜੇ ਸਤਿਗੁਰੂ, ਜੋ ਇਸ ਸੰਸਾਰ ਵਲੋਂ ਬੜਾ ਬੇ-ਪਰਵਾਹ ਹੈ, ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ ।

ਇਹ ਸੰਸਾਰ-ਸਮੁੰਦਰ ਸਾਰਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ । ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਵੀ ਮਾਇਆ ਵਾਲੀ ਭੁੱਖ ਨਹੀਂ ਉਤਰਦੀ ।


1 ਜੂਨ, 1984 : ਸਾਕਾ ਨੀਲਾ ਤਾਰਾ ਦੀ ਤਿਆਰੀ

ਜੂਨ 1984 ਸਿੱਖ ਮਾਨਸਿਕਤਾ ‘ਤੇ ਅਜਿਹਾ ਜ਼ਖ਼ਮ ਐ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ। ਇਸ ਦੀ ਪੀੜ ਅੱਜ ਇਤਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ। ਪਰ ਇਸ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਨੇ ਫ਼ੌਜ ਦੇ ਸ੍ਰੀ ਦਰਬਾਰ ਸਾਹਿਬ ਵਿਚ ਦਾਖ਼ਲੇ ਦੇ ਸਰਕਾਰੀ ਹੁਕਮਾਂ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਜ਼ਬਰੀ ਲੰਬੀ ਛੁੱਟੀ ‘ਤੇ ਭੇਜ ਦਿੱਤਾ ਗਿਆ।

ਉਸ ਵੇਲੇ ਦੇ ਗਵਰਨਰ ਬੀਡੀ ਪਾਂਡੇ ਨੇ ਤੁਰੰਤ ਰਮੇਸ਼ਇੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਸੌਂਪ ਦਿੱਤਾ, ਜਿਸ ਨੇ ਦਰਬਾਰ ਸਾਹਿਬ ‘ਚ ਫ਼ੌਜ ਦੇ ਦਾਖ਼ਲੇ ਵਾਲੇ ਹੁਕਮਾਂ ‘ਤੇ ਬਿਨਾਂ ਕਿਸੇ ਝਿਜਕ ਦੇ ਦਸਤਖ਼ਤ ਕਰ ਦਿੱਤੇ। ਭਾਰਤੀ ਫ਼ੌਜ ਦੇ ਮੁਖੀ ਜਨਰਲ ਅਰੁਣ ਸ੍ਰੀਧਰ ਵੈਦਿਆ ਵੱਲੋਂ ਪੱਛਮੀ ਕਮਾਨ ਦੇ ਲੈਫਟੀਨੈਂਟ ਜਨਰਲ ਕੇ ਸੁੰਦਰ ਨੂੰ ਇਸ ਅਪਰੇਸ਼ਨ ਦਾ ਮੁਖੀ ਥਾਪਿਆ ਗਿਆ ਜਦਕਿ ਰਣਜੀਤ ਸਿੰਘ ਦਿਆਲ ਨੂੰ ਗਵਰਨਰ ਪੰਜਾਬ ਦਾ ਸੁਰੱਖਿਆ ਸਲਾਹਕਾਰ ਨਾਮਜ਼ਦ ਕੀਤਾ ਗਿਆ। ਇਸ ਤੋਂ ਇਲਾਵਾ ਜਨਰਲ ਕੁਲਦੀਪ ਸਿੰਘ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਅਗਵਾਈ ਲਈ ਅੰਮ੍ਰਿਤਸਰ ਆ ਪੁੱਜਾ ਸੀ। ਸੀਆਰਪੀਐਫ ਨੇ ਪਹਿਲਾਂ ਤੋਂ ਹੀ ਹਮਲੇ ਦੀ ਤਿਆਰੀ ਕੀਤੀ ਹੋਈ ਸੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਮੋਰਚਾਬੰਦੀ ਹੋ ਚੁੱਕੀ ਸੀ।

1 ਜੂਨ 1984 ਨੂੰ ਸਾਢੇ 12 ਵਜੇ ਦਰਬਾਰ ਸਾਹਿਬ ਨਾਲ ਲਗਦੇ ਇਲਾਕੇ ਦੇ ਮੋਚੀ ਬਜ਼ਾਰ ਵਿਚ ਇਕ ਕੰਧ ਦੀ ਉਸਾਰੀ ਨੂੰ ਲੈ ਕੇ ਸੀਆਰਪੀਐਫ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁੱਝ ਅਧਿਕਾਰੀਆਂ ਵਿਚਾਲੇ ਤਕਰਾਰਬਾਜ਼ੀ ਹੋ ਗਈ।

ਸੀਆਰਪੀਐਫ ਨੇ ਬਿਨਾਂ ਕਿਸੇ ਦੇਰੀ ਗੋਲੀ ਚਲਾ ਦਿੱਤੀ, ਦੂਜੇ ਬੰਨਿਓਂ ਵੀ ਗੋਲੀ ਦਾ ਜਵਾਬ ਦਿੱਤਾ ਗਿਆ। ਇਹ ਗੋਲੀਬਾਰੀ ਦੇਰ ਸ਼ਾਮ ਤਕ ਜਾਰੀ ਰਹੀ। ਇਸ ਗੋਲੀਬਾਰੀ ਦੌਰਾਨ ਗੁਰਦੁਆਰਾ ਬਾਬਾ ਅਟਲ ਰਾਏ ‘ਤੇ ਮੋਰਚਾ ਮੱਲੀ ਬੈਠੇ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਏ, ਜਿਨ੍ਹਾਂ ਦਾ ਅੰਤਮ ਸਸਕਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਹੀ ਕੀਤਾ ਗਿਆ। ਪੂਰੇ ਸ਼ਹਿਰ ਵਿਚ ਕਰਫਿਊ ਲੱਗ ਚੁੱਕਾ ਸੀ, ਜਿਸ ਕਾਰਨ ਪੂਰੇ ਸ਼ਹਿਰ ਦੇ ਲੋਕ ਸਹਿਮੇ ਹੋਏ ਸਨ।

ਸਰਕਾਰ ਨੇ ਸਾਰੀਆਂ ਅਖ਼ਬਾਰਾਂ ਬੰਦ ਕਰ ਦਿੱਤੀਆਂ ਕਿਉਂਕਿ ਭਾਰਤ ਸਰਕਾਰ ਚਾਹੁੰਦੀ ਸੀ ਕਿ ਉਸ ਦੇ ਇਸ ਕਾਲੇ ਕਾਰਨਾਮੇ ਦੀ ਰਿਪੋਰਟ ਕਿਸੇ ਤੱਕ ਨਾ ਪੁੱਜੇ। ਇਸ ਲਈ ਅੰਮ੍ਰਿਤਸਰ ਵਿਚ ਤਾਇਨਾਤ ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਵਿਚੋਂ ਬਾਹਰ ਚਲੇ ਜਾਣ ਦੀ ਫ਼ਰਮਾਨ ਜਾਰੀ ਕਰ ਦਿੱਤੇ ਗਏ।