ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥
ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ ॥
ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥ਭਗਤ ਸ਼ੇਖ ਫ਼ਰੀਦ ਜੀ
ਸਲੋਕ ਫ਼ਰੀਦ ਜੀ ਅੰਗ ੧੩੮੦ (1380)
ਭਗਤ ਫ਼ਰੀਦ ਸਮਝਾਉਂਦੇ ਹਨ ਕਿ – ਵੇਖ! ਜੋ ਹਾਲਤ ਕਪਾਹ ਦੀ ਹੁੰਦੀ ਹੈ, ਜਦੋਂ ਉਹ ਵੇਲਣੇ ਵਿਚ ਵੇਲੀ ਜਾਂਦੀ ਹੈ। ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ, ਜਦੋਂ ਉਹ ਪੀਸੇ ਜਾਂਦੇ ਹਨ। ਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੌਲਿਆਂ ਨਾਲ ਵਰਤਦੀ ਹੈੈ, ਜਦੋਂ ਉਹ ਸੜਦੇ-ਬਲ੍ਹਦੇ ਹਨ।
ਇਹੋ ਜਿਹੀ ਸਜ਼ਾ ਹੀ ਉਹਨਾਂ ਲੋਕਾਂ ਨੂੰ ਮਿਲਦੀ ਹੈ ਜੋ ਅਤਿਅੰਤ ਮੰਦੇ ਕਰਮ ਕਰਦੇ ਹਨ ।
01 ਜੁਲਾਈ, 1745 : ਜ਼ਾਲਮ ਜ਼ਕਰੀਆ ਖਾਨ ਦੀ ਮੌਤ
(ਅਸੀਂ ਪਿੱਛੇ, ਇਤਿਹਾਸ ਵਿਚ ਜਾਣ ਆਏ ਹਾਂ ਕਿ – 26 ਜੂਨ, 1745 ਨੂੰ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਜ਼ੁਲਮ ਦੀ ਹੱਦ ਕਰਦਿਆਂ, ਭਾਈ ਤਾਰੂ ਸਿੰਘ ਦੀ ਖੋਪਰੀ ਰੰਬੀ ਉਤਰਵਾ ਕੇ ਸ਼ਹੀਦ ਕੀਤਾ।)
ਕੁਦਰਤਿ ਦਾ ਭਾਣਾ ਕੁਝ ਐਸਾ ਵਾਪਰਿਆ ਕਿ ਜ਼ਾਲਮ ਜ਼ਕਰੀਆ ਖਾਨ ਬਿਮਾਰ ਪੈ ਗਿਆ। ਉਸਦਾ ਪਿਸ਼ਾਬ ਬੰਦ ਹੋ ਗਿਆ। ਦਰਦ ਨਾਲ ਤੜਪਦਿਆਂ ਉਸ ਨੂੰ ਮਹਿਸੂਸ ਹੁੰਦਾ ਰਹਿੰਦਾ ਕਿ ਜਿਵੇਂ “ਮੈਂ ਹਜ਼ਾਰਾਂ ਸਿੰਘਾਂ ਨੂੰ ਬਿਅੰਤ ਤਸੀਹੇ ਦਿੱਤੇ ਹਨ, ਸ਼ਾਇਦ ਇਹ ਸਭ ਉਸੇ ਦਾ ਫਲ ਹੈ ।”
ਇਸ ਤਕਲੀਫ਼ ਵਿਚ, ਪਾਣੀਓਂ ਕੱਢੀ ਮੱਛੀ ਵਾਂਗ ਤੜਪ-ਤੜਪ ਕੇ, ਪੰਜ-ਕੁ ਦਿਨਾਂ ਮਗਰੋਂ 01 ਜੁਲਾਈ, 1745 ਨੂੰ ਜ਼ਾਲਮ ਜ਼ਕਰੀਆ ਖਾਨ ਮਰ ਗਿਆ ।