ਮਾਝ ਮਹਲਾ ੩ ॥

ਅੰਦਰਿ ਹੀਰਾ ਲਾਲੁ ਬਣਾਇਆ ॥
ਗੁਰ ਕੈ ਸਬਦਿ ਪਰਖਿ ਪਰਖਾਇਆ ॥
ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥

 ਮਹਲਾ ੩ – ਗੁਰੂ ਅਮਰਦਾਸ ਜੀ
 ਰਾਗ ਮਾਝ  ਅੰਗ ੧੧੩ (113)

ਕੁਦਰਤਿ ਨੇ ਹਰੇਕ ਸਰੀਰ ਦੇ ਅੰਦਰ ਆਪਣੀ ਜੋਤਿ-ਰੂਪ ਬੇਸ਼ਕੀਮਤੀ ਹੀਰਾ ਤੇ ਲਾਲ ਟਿਕਾਏ ਹਨ, ਪਰ ਕੋਈ ਵਿਰਲੇ ਭਾਗਾਂ ਵਾਲਿਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਹੀਰੇ ਦੀ ਪਰਖ ਕੀਤੀ ਹੈ।

ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਮਾਲਕ ਦਾ ਨਾਮ-ਰੂਪੀ ਹੀਰਾ ਵੱਸ ਪਿਆ ਹੈ, ਉਹ ਹੀ ਨਾਮ ਸਿਮਰਦੇ ਹਨ । ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ ਸਦਾ-ਥਿਰ ਨਾਮ ਨੂੰ ਹੀ ਕਸਵੱਟੀ ਦੇ ਤੌਰ ਤੇ ਵਰਤਦੇ ਹਨ ।


01 ਜਨਵਰੀ, 1806 : ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਸੰਧੀ (ਅਹਿਦਨਾਮਾ)

ਲਾਹੌਰ ਦਰਬਾਰ ਤੇ ਅੰਗਰੇਜ਼ਾਂ ਵਿਚਕਾਰ ਸੰਧੀ (ਅਹਿਦਨਾਮਾ) 1 ਜਨਵਰੀ, 1806 ਨੂੰ ਹੋਈ। ਇਸ ਸੰਧੀ ਤੇ ਸਿੱਖਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ, ਫ਼ਤਹ ਸਿੰਘ ਆਹਲੂਵਾਲੀਆ ਨੇ ਦਸਤਖ਼ਤ ਕੀਤੇ ਤੇ ਅੰਗਰੇਜ਼ਾਂ ਵਲੋਂ ਜਾਨ ਮੈਲਕਮ ਨੇ। ਸਿੱਖਾਂ ਨੇ ਇਸ ਦੁਆਰਾ ਇਹ ਜਿੰਮਾ ਲਿਆ ਕਿ ਜਸਵੰਤ ਰਾਉ ਹੋਲਕਰ (ਮਰਹੱਟਾ ਆਗੂ) ਦੀ ਫੌਜ ਪੰਜਾਬ ਵਿਚੋਂ ਚਲੀ ਜਾਵੇਗੀ ਤੇ ਉਨ੍ਹਾਂ ਦਾ ਉਸ ਨਾਲ ਕੋਈ ਵਾਸਤਾ ਨਹੀਂ ਰਹੇਗਾ। ਅੰਗਰੇਜ਼ਾਂ ਨੇ ਵੀ ਇਕਰਾਰ ਕੀਤਾ ਉਹ ਸਿੱਖਾਂ ਦੇ ਇਲਾਕੇ ਤੋਂ ਪਰੇ ਰਹਿਣਗੇ । ਅੰਗਰੇਜ਼ਾਂ ਨੇ ਜਮਨਾ ਨੂੰ ਹੱਦ ਮੰਨਿਆ।