ਬਸੰਤ ਕੀ ਵਾਰ ਮਹਲੁ ੫
ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥
ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥
ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥

 ਮਹਲਾ ੫ : ਗੁਰੂ ਅਰਜਨ ਦੇਵ ਜੀ
 ਰਾਗ ਬਸੰਤ  ਅੰਗ ੧੧੯੩

ਹੇ ਭਾਈ! ਸੱਚਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ – ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ । ਮਨੁੱਖਾ ਜਨਮ ਦਾ ਇਹ ਸੋਹਣਾ ਸਮਾਂ, ਆਪਣੇ ਕੀਤੇ ਕਰਮਾਂ ਅਨੁਸਾਰ, ਗੁਰੂ ਦੀ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਸਫਲ ਹੁੰਦਾ ਹੈ । ਜਿਵੇਂ ਵਰਖਾ ਨਾਲ ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, ਤਿਵੇਂ ਉਸ ਮਨੁੱਖ ਦਾ ਲੂੰ-ਲੂੰ ਖਿੜ ਪੈਂਦਾ ਹੈ ਜੋ ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ । ਗੁਰੂ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ । ਪੰਜਵੇਂ ਨਾਨਕ ਆਖਦੇ ਹਨ ਕਿ ਜੋ ਮਨੁੱਖ ਉਸ ਏਕੋ ਦੇ ਨਿਯਮ ਰੂਪੀ ਨਾਮ ਨੂੰ ਸਿਮਰਦਾ ਹੈ ਉਸ ਨੂੰ ਮੁੜ-ਮੁੜ ਸੰਸਾਰਿਕ ਭਟਕਣਾ ਦੇ ਗੇੜ ਵਿਚ ਫਿਰਨਾ ਨਹੀਂ ਪੈਂਦਾ ।


1 ਫਰਵਰੀ, 1764 : ਸਹਾਰਨਪੁਰ ਉੱਤੇ ਸਿੱਖ ਮਿਸਲਾਂ ਦਾ ਹਮਲਾ ‘ਤੇ ਕਬਜ਼ਾ

1 ਫਰਵਰੀ, 1764 ਵਿਚ ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਕੁਝ ਹੋਰ ਸਿੱਖ ਮਿਸਲਾਂ ਦੇ ਜਰਨੈਲਾਂ ਨੇ ਯਮਨਾ ਪਾਰ ਕਰਕੇ ਸਹਾਰਨਪੁਰ ‘ਤੇ ਹਮਲਾ ਕੀਤਾ ਅਤੇ ਆਪਣਾ ਅਧਿਕਾਰ ਜਮਾ ਲਿਆ।