ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥ਮਹਲਾ ੯ : ਗੁਰੂ ਤੇਗ ਬਹਾਦਰ ਜੀ
ਸਲੋਕ ਅੰਗ ੧੪੨੬ (1426)
ਸਾਰੇ ਵਿਕਾਰਾਂ ਤੋਂ ਬਚਾਣ ਵਾਲੇ, ਸਾਰੇ ਡਰ ਦੂਰ ਕਰਨ ਵਾਲੇ, ਅਤੇ ਅਨਾਥਾਂ ਦੀ ਸੰਭਾਲ ਕਰਨ ਵਾਲੇ ਨਾਥ ਇੱਕੋ ਮੇਰੇ ਮਾਲਕ ਹੀ ਹਨ ।
ਨੌਵੇਂ ਨਾਨਕ ਜੀ ਸਮਝਾਉਂਦੇ ਹਨ ਕਿ – ਉਸ ਇਕੋ, ਸੱਭ ਦੇ ਮਾਲਕ, ਨੂੰ ਇਉਂ ਸਮਝ ਜਿਵੇਂ ਕਿ ਉਹ ਸਦਾ ਮੇਰੇ ਨਾਲ ਹੀ ਵੱਸਦਾ ਹੈ ।
1 ਅਪ੍ਰੈਲ, 1621 : ਪ੍ਰਕਾਸ਼-ਦਿਹਾੜਾ ਗੁਰੂ ਤੇਗ-ਬਹਾਦਰ ਜੀ (ਨੌਵੇਂ ਗੁਰੂ)
ਛੇਵੀਂ ਪਾਤਸ਼ਾਹੀ, ਗੁਰੂ ਹਰਿਗੋਬਿੰਦ ਜੀ ਦੇ ਗ੍ਰਹਿ ਅਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ 1 ਅਪ੍ਰੈਲ 1621 ਦੇ ਦਿਨ ਗੁਰੂ ਤੇਗ-ਬਹਾਦਰ ਜੀ ਦਾ ਜਨਮ ਹੋਇਆ।
ਆਪ ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ, ਤੇ ਬਚਪਨ ਦਾ ਨਾਂ ‘ਤਿਆਗ ਮੱਲ’ ਸੀ । ਗੁਰੂ ਪਿਤਾ ਹਰਿਗੋਬਿੰਦ ਜੀ ਕਰਤਾਰਪੁਰ ਦੇ ਯੁੱਧ ਵਿੱਚ ਆਪ ਜੀ ਯੁੱਧ ਕਲਾ ਅਤੇ ਸੂਰਬੀਰਤਾ ਦੇਖਕੇ ਖੁਸ਼ੀ ਵਿੱਚ ਗਦ-ਗਦ ਹੋ ਗਏ । ਇਸ ਮੌਕੇ ਉਹਨਾਂ ਗੁਰੂ ਜੀ ਦਾ ਨਾਮ ਬਦਲ ਕੇ ‘ਤੇਗ-ਬਹਾਦਰ’ ਰੱਖ ਦਿੱਤਾ, ਜਿਸਦਾ ਅਰਥ ਹੈ ‘ਤਲਵਾਰ ਦਾ ਧਨੀ’।
ਆਪ ਜੀ ਦਾ ਜਨਮ ਸਥਾਨ ਅੱਜਕੱਲ ਗੁਰਦੁਆਰਾ ‘ਗੁਰੂ ਕੇ ਮਹਿਲ’ (ਅਮ੍ਰਿਤਸਰ) ਦੇ ਨਾਮ ਨਾਲ ਪ੍ਰਸਿੱਧ ਹੈ । ਬਾਲ ਤੇਗ ਬਹਾਦਰ ਜੀ ਨੇ ਤਕਰੀਬਨ 9 ਸਾਲ ਅੰਮ੍ਰਿਤਸਰ ਵਿੱਚ ਬਿਤਾਏ ।