Date: 23 February 2023
ਸਤਿਕਾਰਯੋਗ ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਅੰਮ੍ਰਿਤਸਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਵਿਸ਼ਾ: ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਲਈ ਗਲੋਬਲ ਸਿੱਖ ਕੌਂਸਲ ਵਲੋਂ ਸੁਝਾਅ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਕੋਲੋਂ ਸਲਾਨਾ ਬਜਟ ਨੂੰ ਲੈਕੇ ਮੰਗੇ ਸੁਝਾਅ ਸ਼ਲਾਘਾਯੋਗ ਕਦਮ ਹੈ। ਉਮੀਦ ਹੈ ਆਪ ਜੀ ਦਾ ਇਹ ਕਦਮ ਅਮਲ ਵਿੱਚ ਵੀ ਲਿਆਇਆ ਜਾਵੇਗਾ ਅਤੇ ਬਜਟ ਵਿੱਚ ਪਾਰਦਰਸ਼ਤਾ ਆਵੇਗੀ। ਗਲੋਬਲ ਸਿੱਖ ਕੌਂਸਲ ਨੇ ਆਪਣੇ ਸਾਰੇ ਮੈਂਬਰਾਂ ਨੂੰ ਸੁਝਾਅ ਦੇਣ ਲਈ ਕਿਹਾ ਸੀ। ਸਾਰੇ ਸੁਝਾਅ ਇਕੱਠੇ ਕਰਕੇ ਆਪ ਜੀ ਨੂੰ ਹੇਠਾਂ ਭੇਜ ਰਹੇ ਹਾਂ:
1) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਮੰਤਵ ਧਰਮ ਪਰਚਾਰ ਹੈ। ਜਿਸ ਕਾਰਨ ਚੰਗੇ ਪੜੇ-ਲਿਖੇ ਪ੍ਰਚਾਰਕ ਤਿਆਰ ਕਰਨ ਦੇ ਲਈ ਹੋਰ ਮਿਸ਼ਨਰੀ ਕਾਲਜ ਖੋਲਣੇ ਚਾਹੀਦੇ ਹਨ ਅਤੇ ਪ੍ਰਚਾਰਕਾਂ ਦੀ ਤਨਖਾਹ ਆਦਰਯੋਗ ਜੀਵਨ ਗੁਜ਼ਾਰਨ ਲਈ ਜ਼ਰੂਰ ਹੋਣੀ ਚਾਹੀਦੀ ਹੈ। ਬਲਕਿ ਪ੍ਰਚਾਰਕਾਂ ਦੀ ਤਨਖਾਹ ਬਾਕੀ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਦੇ ਮੁਕਾਬਲੇ ਦੀ ਹੋਣੀ ਚਾਹੀਦੀ ਹੈ। ਨਵੇਂ ਪ੍ਰਚਾਰਕ ਤਿਆਰ ਕਰਨੇ ਅਤੇ ਪ੍ਰਚਾਰਕਾਂ ਦੀ ਚੰਗੀ ਤਨਖਾਹ ਲਈ ਬਜਟ ਵਿੱਚ ਵਿਸ਼ੇਸ਼ ਵਿਵਸਥਾ ਰੱਖੀ ਜਾਵੇ। ਤਾਂ ਹੀ ਚੰਗੇ ਪੜੇ-ਲਿੱਖੇ ਉਮੀਦਵਾਰ ਗੁਰੂ ਗਰੰਥ ਸਹਿਬ ਦੀ ਬਾਣੀ ਦਾ ਪ੍ਰਚਾਰਕ ਬਣਨ ਲਈ ਮਿਸ਼ਨਰੀ ਕਾਲਜਾਂ ਵਿੱਚ ਦਾਖਲਾ ਲੈਣਗੇ। ਗੁਰਬਾਣੀ ਵੀ ਸਾਨੂੰ ਇਸ ਵੱਲ ਨਿਰਦੇਸ਼ ਦਿੰਦੀ ਹੈ:
ਭੂਖੇ ਭਗਤਿ ਨ ਕੀਜੈ ॥ ਯਹ ਮਾਲਾ ਅਪਨੀ ਲੀਜੈ ॥ (ਭਗਤ ਕਬੀਰ, ਅੰਗ ੬੫੬)
2) ਸਿੱਖੀ ਸਭ ਵਾਸਤੇ ਹੈ। ਪਰ ਪੰਜਾਬ ਤੋਂ ਬਾਹਰ ਦੇ ਗੈਰ-ਸਿੱਖ ਦਲਿਤ, ਕਿਸਾਨ, ਕਿਰਤੀ ਆਦਿ ਜੋ ਪੰਜਾਬੀ ਨਹੀਂ ਪੜ ਸਕਦੇ, ਉਹਨਾ ਵਾਸਤੇ ਬਹੁਤਾ ਕਰਕੇ ਸਿੱਖ ਸਾਹਿਤ ਉਪਲਬਧ ਨਹੀਂ ਹੈ। ਸ਼੍ਰੋਮਣੀ ਕਮੇਟੀ ਨੂੰ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਉੱਚੇ ਮਿਆਰ ਦਾ ਸਿੱਖ ਸਾਹਿਤ ਛਾਪਨਾ ਚਾਹੀਦਾ ਹੈ। ਗੁਰਮੁਖੀ ਵਿੱਚ ਲਿਖੇ ਸਿੱਖ ਸਾਹਿਤ ਦੀਆਂ ਚੰਗੀਆਂ ਕਿਤਾਬਾਂ ਦਾ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਵੀ ਤਰਜਮਾ ਹੋਣਾ ਚਾਹੀਦਾ ਹੈ।
3) ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਾਰੇ ਵਿੱਦਿਅਕ ਅਦਾਰਿਆਂ ਦਾ ਮਿਆਰ ਉੱਚਾ ਚੁੱਕਣ ਵਾਸਤੇ ਖਾਸ ਬਜਟ ਅਤੇ ਉਦੱਮ ਦੀ ਲੋੜ ਹੇ। ਸਿੱਖਾਂ ਦੀਆਂ ਸੰਸਥਾਵਾਂ ਤੋਂ ਪੜੇ ਵਿਦਿਆਰਥੀਆਂ ਦੇ ਪੱਧਰ ਸਭ ਤੋਂ ਉਤੱਮ ਹੋਣੇ ਚਾਹੀਦੇ ਹਨ। ਬਲਕਿ ਮਿਆਰ ਐਸਾ ਹੋਵੇ ਕਿ ਇਥੋਂ ਪੜੇ ਹੋਏ ਸਿੱਖ ਬੱਚਿਆਂ ਦੇ ਹੁਨਰ ਦੀ ਮੰਗ ਦੇਸ਼-ਵਿਦੇਸ਼ ਵਿੱਚ ਵੀ ਹੋਵੇ। ਇਸ ਵਾਸਤੇ ਹਰ ਮੁਮਕਿਨ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਸਿਵਲ ਸੇਵਾਵਾਂ (ਜਿਵੇਂ- ਆਈ.ਏ.ਐਸ, ਪੀ.ਸੀ.ਐਸ, ਮੈਡੀਕਲ, ਆਦਿ) ਦੇ ਚੰਗੇ ਸਿਖਲਾਈ ਕੇਂਦਰ ਜਿਸ ਨਾਲ ਸਿੱਖ ਬੱਚੇ (ਖਾਸਕਰ ਲੋੜਵੰਦ / ਗਰੀਬ ਬੱਚੇ) ਅੱਗੇ ਆ ਸਕਣ।
4) ਤਕਨੀਕ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਸਿੱਖ ਇਸ ਵਿੱਚ ਵੀ ਮੋਹਰੀ ਹੋਣੇ ਚਾਹੀਦੇ ਹਨ, ਨਹੀਂ ਤਾਂ ਸਾਡੇ ਬੱਚੇ ਪਿੱਛੇ ਰਹਿ ਜਾਣਗੇ। ਆਧੁਨਿਕ ਤਕਨੀਕ (ਜਿਵੇਂ- ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਆਦਿ) ਵਾਸਤੇ ਸਿੱਖ ਬੱਚਿਆਂ ਲਈ ਸਿਖਲਾਈ ਕੇੰਦਰ ਖੋਲਣਾ ਸਮੇਂ ਦੀ ਮੰਗ ਹੈ।
5) ਇਹ ਆਪਣੇ-ਆਪ ਵਿੱਚ ਹੈਰਾਨੀ ਦੀ ਗੱਲ ਹੈ ਕਿ ਸਿੱਖ ਦਾ ਤਾਜ ਦਸਤਾਰ ਹੈ, ਪਰ ਇਸ ਤਾਜ ਵਾਸਤੇ ਕਪੜਾ ਸਿੱਖ ਦੇ ਕਾਰਖਾਨੇ ਜਾਂ ਪੰਜਾਬ ਤੋਂ ਨਹੀਂ ਬਲਕਿ ਮੁੰਬਈ ਅਤੇ ਬਾਹਰਲੇ ਰਾਜਾਂ ਤੋਂ ਆਉਂਦਾ ਹੈ। ਸ਼੍ਰੋਮਣੀ ਕਮੇਟੀ ਨੂੰ ਉਹਨਾ ਲਘੂ ਉਦਯੋਗਾਂ ਵਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ, ਜਿਸਦਾ ਸੰਬੰਧ ਸਿੱਖ ਜੀਵਨ-ਜਾਚ ਨਾਲ ਜੁੜਿਆ ਹੈ। ਦਸਤਾਰ ਦੇ ਕਾਰਖਾਨੇ ਪੰਜਾਬ ਵਿੱਚ ਹੀ ਹੋਣੇ ਚਾਹੀਦੇ ਹਨ, ਅਤੇ ਇਹ ਉਦਯੋਗ ਮੁਨਾਫਾ-ਖੋਰੀ ਦੇ ਉਦੇਸ਼ ਦੀ ਬਜਾਏ ਸਹਿਕਾਰੀ (Co-Operative) ਮਾਡਲ ਤੇ ਹੋਣੇ ਚਾਹੀਦੇ ਹਨ। ਸਿਕਲੀਗਰ ਅਤੇ ਪਛੜੇ ਸਮਾਜ ਦੇ ਸਿੱਖਾਂ ਨੂੰ ਇਹਨਾ ਉਦਯੋਗਾਂ ਵਿੱਚ ਕੰਮ ਕਰਨ ਲਈ ਖਾਸ ਰਾਖਵਾਂਕਰਨ ਹੋਵੇ।
6) ਗੁਰਦੁਆਰੇ ਸਾਦਗੀ, ਸ਼ਾਂਤੀ ਅਤੇ ਕੁਦਰਤ ਦੀ ਸਾਂਭ ਕਰਨ ਦੀ ਮਿਸਾਲ ਹੋਣੇ ਚਾਹੀਦੇ ਹਨ। ਐਸੇ ਵਿੱਚ ਜਦ ਗੁਰੂ ਘਰਾਂ ਵਿੱਚ ਕਰੋੜਾਂ ਦੇ ਫੁੱਲ ਅਤੇ ਪ੍ਰਦੂਸ਼ਣ ਕਰਦੇ ਪਟਾਖੇ ਚਲਾਉਣ ਦੀਆਂ ਖਬਰਾਂ ਮਿਲਦੀਆਂ ਹਨ ਤਾਂ ਇਹ ਸਿੱਖ ਸਮਾਜ ਨੂੰ ਚੰਗੀ ਦਿਸ਼ਾ ਨਹੀਂ ਦਿੰਦੀਆਂ । ਪੁਰਾਣੀਆਂ ਇਮਾਰਤਾਂ ਨੂੰ ਢਾਹ ਕੇ ਨਵੇਂ ਸੰਗਮਰਮਰ ਦੇ ਗੁਰੂ ਘਰਾਂ ਤੇ ਪੈਸਾ ਵੀ ਨਹੀਂ ਖਰਚਨਾ ਚਾਹੀਦਾ। ਅਸੀਂ ਸਭ ਜਾਣਦੇ ਹਾਂ ਕਿ ਇਹ ਫਜੂਲ ਖਰਚੀ ਭ੍ਰਿਸ਼ਟਾਚਾਰ ਦੇ ਮੌਕੇ ਵੀ ਪ੍ਰਦਾਨ ਕਰਦੀ ਹੈ। ਸ਼੍ਰੋਮਣੀ ਕਮੇਟੀ ਨੂੰ ਫਜੂਲ ਖਰਚੀ ਤੋਂ ਗੁਰੇਜ ਕਰਦੇ ਹੋਏ ਇਸ ਪਾਸੇ ਦੇ ਬਜਟ ਵਿੱਚ ਲਾਜ਼ਮੀ ਕਟੌਤੀ ਕਰਨੀ ਚਾਹੀਦੀ ਹੈ।
7) ਗੁਰੂ ਘਰਾਂ ਦੀ ਮੁਨਾਸਬ ਸਜਾਵਟ ਵਾਸਤੇ (ਫੁੱਲ) ਜਾਂ ਹੋਰ ਰਸਦ ਵਾਸਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਵਿਦੇਸ਼ਾਂ ਤੋਂ ਮੰਗਵਾਉਣ ਦੀ ਥਾਂ ਪੰਜਾਬ ਦੇ ਕਿਸਾਨਾ ਤੋਂ ਖਰੀਦੀ ਜਾਵੇ।
8) ਫਜੂਲ ਖਰਚੀ ਦਾ ਇੱਕ ਹੋਰ ਜਰੀਆ ਹੈ ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਸੰਗਤ ਕੀਮਤੀ ਰੁਮਾਲੇ, ਚੰਦੋਏ ਅਦਿ ਖਰੀਦਦੀ ਹੈ, ਜਦਕਿ ਗੁਰੂ ਘਰਾਂ ਲਈ ਇਹਨਾ ਨੂੰ ਸਾਂਭਨਾ ਮੁਸ਼ਕਲ ਹੋ ਜਾਂਦਾ ਹੈ। ਜਿਸ ਤਰਾਂ ਦਰਬਾਰ ਸਾਹਿਬ ਵਿੱਚ ਕੇਵਲ ਕੜਾਹ ਪ੍ਰਸ਼ਾਦ ਭੇਟਾ ਹੋ ਸਕਦਾ ਹੈ ਹੋਰ ਕੋਈ ਮਠਿਆਈ ਨਹੀਂ, ਇਸੇ ਤਰਾਂ ਸੰਗਤ ਵਲੋਂ ਰੁਮਾਲੇ, ਚੰਦੋਏ ਅਦਿ ਦੇ ਭੇਟਾਂ ਦੀ ਜਗਾ ਤੇ ਕੇਵਲ ਗਰੀਬਾਂ / ਲੋੜਵੰਦਾਂ ਲਈ ਕੱਪੜੇ ਭੇਟਾ ਕਰਨ ਦਾ ਨਿਰਦੇਸ਼ ਹੋਵੇ, ਜੋ ਸ਼੍ਰੋਮਣੀ ਕਮੇਟੀ ਲੋੜਵੰਦਾ ਨੂੰ ਬਾਅਦ ਵਿੱਚ ਵੰਡ ਦੇਵੇ। ਇਹ ਕੱਪੜੇ ਸ਼੍ਰੋਮਣੀ ਕਮੇਟੀ ਦੀ ਨਿਰਧਾਰਿਤ ਛਾਪ ਜਾਂ ਹੋਲੋਗ੍ਰਾਮ (Brand or hologram) ਦੇ ਹੋਣ ਜੋ ਸਹਿਕਾਰੀ (Co-Operative) ਮਾਡਲ ਅਧੀਨ ਸਿੱਖ ਦਰਜੀ, ਸਿਕਲੀਗਰ, ਹੋਰ ਪਛੜੇ ਸਿੱਖਾਂ ਵਲੋਂ ਬਣਾਏ ਗਏ ਹੋਣ। ਗੁਰੂ ਘਰ ਦੇ ਬਾਹਰ ਦੀਆਂ ਦੁਕਾਨਾਂ ਤੋਂ ਇਹ ਕੱਪੜੇ ਸੰਗਤ ਖਰੀਦਕੇ ਅੰਦਰ ਭੇਟਾ ਕਰੇ।
9) ਅੰਤ ਵਿੱਚ ਬਜਟ ਵਿੱਚ ਪਾਰਦਰਸ਼ਤਾ ਵਾਸਤੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਬਾਹਰੀ ਤੀਜੀ ਧਿਰ ਦੁਆਰਾ ਬਜਟ ਦਾ ਆਡਿਟ (third party audit) ਹੋਵੇ ਅਤੇ ਰਿਪੋਰਟ ਸੰਗਤ ਦੇ ਦੇਖਣ ਲਈ ਆਨਲਾਈਨ ਉਪਲਬਧ ਹੋਵੇ। ਜੇ ਪਾਰਦਰਸ਼ਤਾ ਨਾ ਆਈ ਤਾਂ ਸ਼੍ਰੋਮਣੀ ਕਮੇਟੀ ਦਾ ਸੰਗਤ ਕੋਲੋਂ ਬਜਟ ਨੂੰ ਲੈਕੇ ਸੁਝਾਅ ਮੰਗਣ ਦੀ ਨੀਅਤ ਬਾਰੇ ਵਿਸ਼ਵਾਸ ਨਹੀਂ ਬਣ ਪਾਵੇਗਾ।
ਉਮੀਦ ਹੈ ਆਪ ਜੀ ਇਹਨਾਂ ਸੁਝਾਵਾਂ ਵੱਲ ਗੌਰ ਕਰੋਗੇ ਅਤੇ ਅਮਲ ਵਿੱਚ ਲਿਆਉਣ ਦੇ ਯਤਨ ਕਰੋਗੇ।
Global Sikh Council